ਬਰਨਾਲਾ :ਬਰਨਾਲਾ ਜਿਲ੍ਹੇ 'ਚ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਸਾਂਝਾ ਅਧਿਆਪਕ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਇਸ ਸੰਬੰਧੀ ਸਾਂਝਾ ਅਧਿਆਪਕ ਮੋਰਚੇ ਦੇ ਜਿਲ੍ਹਾ ਆਗੂਆਂ ਨੇ ਹੰਗਾਮੀ ਮੀਟਿੰਗ ਕਰਦਿਆਂ ਗੁਰਮੀਤ ਸੁਖਪੁਰਾ ਨੇ ਕਿਹਾ ਕਿ ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਬਦਲੀਆਂ ਕਰਨ ਦੇ ਮਾਪਦੰਡਾਂ ਵਿੱਚ ਇੱਕਸਾਰਤਾ ਨਾ ਹੋਣ। ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਰਿਲੀਵਿੰਗਾਂ ਰੋਕਣ ਅਤੇ ਬਿਨ੍ਹਾਂ ਅਗਾਉਂ ਸੂਚਿਤ ਕੀਤਿਆਂ ਅਧਿਆਪਕਾਂ ਨੂੰ ਡੀ-ਬਾਰ ਕਰਨ ਆਦਿ ਦੇ ਮਾਮਲਿਆਂ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਨਿੱਤ ਨਵੇਂ ਗੈਰ ਵਾਜਿਬ ਫ਼ੈਸਲੇ ਹੋ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਬਦਲੀਆਂ ਲਾਗੂ ਕਰਨ ਲਈ 50% ਸਟਾਫ, ਸਿੰਗਲ ਟੀਚਰ, ਦਾ ਬਦਲ ਹੋਣਾ ਜਾਂ ਪਰਖ ਸਮਾਂ ਪੂਰਾ ਹੋਣ ਆਦਿ ਦੀ ਲਗਾਈ ਸ਼ਰਤ ਹਟਾ ਕੇ ਸਭ ਨੂੰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦਿੱਤਾ ਜਾਵੇ। ਸਾਰੀਆਂ ਅਸਾਮੀਆਂ ਲਈ ਨਵੀਂ ਭਰਤੀ/ਤਰੱਕੀ ਪ੍ਰਕਿਰਿਆ ਬਿਨਾ ਦੇਰੀ ਮੁਕੰਮਲ ਕਰਨ ਦੀ ਸਰਕਾਰੀ ਜਿੰਮੇਵਾਰੀ ਨਿਭਾਈ ਜਾਵੇ।
ਸਾਰੇ ਵਰਗਾਂ ਦਰਮਿਆਨ ਇੱਕਸਾਰਤਾ ਰੱਖੀ ਜਾਵੇ ਅਤੇ ਬੇਯਕੀਨੀ ਦੇ ਮਾਹੋਲ ਨੂੰ ਖ਼ਤਮ ਕੀਤਾ ਜਾਵੇ। ਬਿਨਾਂ ਅਗਾਊਂ ਸੂਚਿਤ ਕੀਤਿਆਂ ਪਿਛਲੇ ਸਮੇਂ ਵਿੱਚ ਵਿਭਾਗੀ ਆਪਸ਼ਨ ਅਨੁਸਾਰ ਬਦਲੀ ਕੈਂਸਲ ਕਰਵਾਉਣ ਵਾਲਿਆਂ ਨੂੰ ਡੀ.ਬਾਰ. ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ।
ਇਸ ਸੰਬੰਧੀ ਤਰਕਸੰਗਤ ਨਿਯਮ ਤੈਅ ਕਰਨ ਉਪਰੰਤ ਭਵਿੱਖ ਵਿੱਚ ਲਾਗੂ ਕੀਤੇ ਜਾਣ। 180 ETT ਟੈੱਟ ਪਾਸ ਅਧਿਆਪਕਾਂ ਲਈ ਸ਼ੁਰੂਆਤੀ ਭਰਤੀਆਂ ਅਨੁਸਾਰ ਪਿਛਲੀ ਸਰਵਿਸ ਦਾ ਲਾਭ ਬਰਕਰਾਰ ਰੱਖਿਆ ਜਾਵੇ। ਇਨ੍ਹਾਂ ਦੀਆਂ ਬਦਲੀਆਂ ਨੂੰ ਰੱਦ ਕਰਨ ਦਾ ਗੈਰ ਵਾਜਿਬ ਵਿਭਾਗੀ ਫੈਸਲਾ ਵਾਪਿਸ ਲਿਆ ਜਾਵੇ। ਅਧਿਆਪਕਾਂ ਨੂੰ ਪੱਕੀ ਰਿਹਾਇਸ਼ ਤੋਂ ਸਟੇਸ਼ਨ ਦੀ ਦੂਰੀ ਅਨੁਸਾਰ ਅੰਕਾਂ ਦੀ ਵੇਟੇਜ਼ ਦਿੱਤੀ ਜਾਵੇ।
ਖਾਲੀ ਅਸਾਮੀਆਂ ਨੂੰ ਸਕੂਲ ਅਨੁਸਾਰ ਵੱਖਰੇ-ਵੱਖਰੇ ਤੌਰ ‘ਤੇ ਸਟੇਸ਼ਨ ਚੌਣ ਲਈ ਪੇਸ਼ ਕੀਤਾ ਜਾਵੇ ਅਤੇ ਸੰਗੀਤ-ਤਬਲਾ ਟੀਚਰਾਂ, ਖੇਤੀਬਾੜੀ, ਨਾਨ ਟੀਚਿੰਗ (LLA) ਲਈ ਵੀ ਸਾਰੀਆਂ ਖਾਲੀ ਅਸਾਮੀਆਂ ਦਿਖਾਈਆਂ ਜਾਣ। ਪ੍ਰਾਇਮਰੀ ਵਰਗ ਦੀਆਂ ਅੰਤਰ ਜਿਲ੍ਹਾ ਬਦਲੀਆਂ ਫੌਰੀ (ਡੈਪੂਟੇਸ਼ਨ ਦੀ ਬਜਾਏ) ਬਿਨਾਂ ਸ਼ਰਤ ਲਾਗੂ ਕੀਤੀਆਂ ਜਾਣ। ਸਕੂਲ ਮੁਖੀਆਂ ਦੀ ਬਦਲੀ ਹੋਣ ਉਪਰੰਤ ਪੁਰਾਣੇ ਸਟੇਸ਼ਨ ਦਾ ਚਾਰਜ ਬਰਕਰਾਰ ਰੱਖਣ ਦਾ ਗੈਰ ਬਾਜਿਵ ਫੈਸਲਾ ਰੱਦ ਕੀਤਾ ਜਾਵੇ।
ਇਹ ਵੀ ਪੜੋ:ਵਿਦਿਆਰਥੀਆਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ?