ਬਰਨਾਲਾ:ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਸੂਬਾ ਸਰਕਾਰ ਵਲੋਂ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਪਿਛਲੇ ਸਾਲ ਤੋਂ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਬ ਦੀਆਂ ਇਸ ਵਾਰ ਵੀ ਕਰਵਾਈਆਂ ਜਾ ਰਹੀਆਂ ਹਨ। ਜਿਸ ਕਰਕੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ 29 ਅਗਸਤ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
28 ਅਗਸਤ ਨੂੰ ਬਰਨਾਲਾ ਪੁੱਜੇਗਾ ਮਸ਼ਾਲ ਮਾਰਚ:ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ ਵੱਲੋਂ ਸਬੰਧਤ ਵਿਭਾਗਾਂ ਨਾਲ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ 2023’ ਦੇ ਆਗਾਜ਼ ਤੋਂ ਪਹਿਲਾਂ ਮਸ਼ਾਲ ਮਾਰਚ ਕੱਢਿਆ ਜਾਵੇਗਾ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੋ ਗਈ ਹੈ। ਇਹ ਮਸ਼ਾਲ ਮਾਰਚ 28 ਅਗਸਤ ਨੂੰ ਮਾਨਸਾ ਤੋਂ ਹੁੰਦਾ ਹੋਇਆ ਬਰਨਾਲਾ ਪੁੱਜੇਗਾ, ਜਿਸ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮਗਰੋਂ ਬਲਾਕ ਪੱਧਰੀ ਖੇਡਾਂ ਦਾ ਆਗਾਜ਼ 29 ਅਗਸਤ ਤੋਂ ਹੋ ਜਾਵੇਗਾ। ਉਨ੍ਹਾਂ ਇਨ੍ਹਾਂ ਖੇਡਾਂ ਸਬੰਧੀ ਵੱਖ ਵੱਖ ਵਿਭਾਗਾਂ ਨੂੰ ਪੁਖ਼ਤਾ ਬੰਦੋਬਸਤ ਕਰਨ ਦੀ ਹਦਾਇਤ ਕੀਤੀ।