ਬਰਨਾਲਾ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਵਿੱਚ ਜੰਮੂ ਕਸ਼ਮੀਰ ਦੇ ਲੋਕ ਬਰਨਾਲਾ ਵਿੱਚ ਫ਼ਸੇ ਹੋਏ ਹਨ। ਜੋ ਸਰਕਾਰਾਂ ਤੇ ਪ੍ਰਸ਼ਾਸ਼ਨ ਤੋਂ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਤਰਲੇ ਕੱਢ ਰਹੇ ਹਨ। ਇਹ ਕਸ਼ਮੀਰੀ ਲੋਕ ਬਰਨਾਲਾ ਵਿੱਚ ਪਿਛਲੇ 30 ਸਾਲਾਂ ਤੋਂ ਗਰਮ ਕੱਪੜੇ ਵੇਚਣ ਦਾ ਕੰਮ ਕਰਦੇ ਹਨ। ਕੋਰੋਨਾ ਵਾਇਰਸ ਕਰਕੇ ਕਰਫ਼ਿਊ ਲੱਗਣ ਕਾਰਨ ਇਹ ਲੋਕ ਬਰਨਾਲਾ ਵਿੱਚ ਹੀ ਫ਼ਸ ਗਏ ਹਨ। ਇਨ੍ਹਾਂ ਲੋਕਾਂ ਕੋਲ ਭਾਵੇ ਖਾਣ ਲਈ ਰਾਸ਼ਨ-ਪਾਣੀ ਤਾਂ ਹੈ ਪਰ ਇਨ੍ਹਾਂ ਦੀ ਮੰਗ ਆਪਣੇ ਘਰ ਵਾਪਸ ਜਾਣ ਦੀ ਹੈ।
ਬਰਨਾਲਾ ’ਚ ਫ਼ਸੇ ਕਸ਼ਮੀਰੀ ਲੋਕਾਂ ਨੇ ਸਰਕਾਰ ਤੋਂ ਕੀਤੀ ਘਰ ਭੇਜਣ ਦੀ ਮੰਗ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜੰਮੂ ਕਸ਼ਮੀਰ ਦੇ ਵਸਨੀਕ ਗੁਲਾਮ ਮੁਹੰਮਦ ਨੇ ਦੱਸਿਆ ਕਿ ਉਹ ਪਿਛਲੇ 30-35 ਸਾਲਾਂ ਤੋਂ ਸਰਦੀਆਂ ਵਿੱਚ ਸ਼ਾਲ, ਕੰਬਲ ਆਦਿ ਵੇਚਣ ਲਈ ਬਰਨਾਲਾ ਆ ਰਹੇ ਹਨ ਅਤੇ ਗਰਮੀ ਸ਼ੁਰੂ ਹੋ ਗਈ ਹੈ। ਹਰ ਵਾਰ ਦੀ ਤਰ੍ਹਾਂ ਉਨ੍ਹਾਂ ਨੇ 25 ਮਾਰਚ ਨੂੰ ਆਪਣੇ ਘਰ ਵਾਪਸ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਉਹ ਘਰ ਵਾਪਸ ਨਹੀਂ ਜਾ ਸਕੇ। ਉਨ੍ਹਾਂ ਨੇ ਸੋਚਿਆ ਸੀ ਕਿ 14 ਅਪ੍ਰੈਲ ਨੂੰ ਕਰਫਿਊ ਖੁੱਲ੍ਹਣ ਤੋਂ ਬਾਅਦ ਉਹ ਆਪਣੇ ਘਰ ਜਾ ਸਕਣਗੇ ਪਰ ਹੁਣ ਕਰਫਿਊ 3 ਮਈ ਤੱਕ ਵਧਿਆ ਹੈ, ਉਹ ਇੱਥੇ ਫ਼ਸ ਕੇ ਰਹਿ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਉਹ 60 ਲੋਕ ਹਨ, ਜੋ ਜੰਮੂ-ਕਸ਼ਮੀਰ ਦੇ ਹਨ। ਉਹ ਲੋਕ ਬਹੁਤ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਰਮਜ਼ਾਨ ਦੇ ਮਹੀਨੇ ਕਾਰਨ ਉਹ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਉਨ੍ਹਾਂ ਦੇ ਜੰਮੂ ਕਸ਼ਮੀਰ ਵਿੱਚ ਪਰਿਵਾਰ ਭੁੱਖੇ ਮਰ ਰਹੇ ਹਨ। ਉਹ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲ ਕੇ ਆਪਣੀ ਸਮੱਸਿਆ ਬਾਰੇ ਜਾਣੂੰ ਕਰਵਾ ਚੁੱਕੇ ਹਨ। ਉਨ੍ਹਾਂ ਨੂੰ ਜਲਦ ਤੋਂ ਜਲਦ ਘਰ ਵਾਪਸ ਭੇਜਿਆ ਜਾਵੇ।
ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਮੰਜੂਰ ਅਹਿਮਦ ਨੇ ਕਿਹਾ ਕਿ ਉਹ ਅਤੇ ਹੋਰ ਕੁਲ 60 ਕਸ਼ਮੀਰੀ ਬਰਨਾਲਾ ਵਿੱਚ ਫਸੇ ਹੋਏ ਸਨ। ਉਹ 45 ਮਹੀਨੇ ਪਹਿਲਾਂ ਹੋਏ ਬੰਬ ਧਮਾਕੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸਦਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਤੇ 18 ਮਾਰਚ ਨੂੰ ਉਹ ਆਪਣੇ ਚਾਚੇ ਕੋਲ ਦਿੱਲੀ ਤੋਂ ਬਰਨਾਲਾ ਆਇਆ ਸੀ। 21 ਮਾਰਚ ਨੂੰ ਉਹ ਬਰਨਾਲਾ ਤੋਂ ਕਸ਼ਮੀਰ ਤੋਂ ਰਵਾਨਾ ਹੋਣਾ ਸੀ ਪਰ ਤਾਲਾਬੰਦੀ ਹੋਣ ਕਾਰਨ ਉਹ ਜਾ ਨਹੀਂ ਸਕਿਆ। ਉਨ੍ਹਾਂ ਨੇ ਦੱਸਿਆ ਕਿ ਉਹ ਖ਼ੁਦ ਇੱਕ ਪੁਲਿਸ ਮੁਲਾਜ਼ਮ ਹੈ। ਇੱਥੇ ਫਸਣ ਕਰਕੇ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਪੂਰੇ ਮਾਮਲੇ ‘ਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰੀ ਲੋਕਾਂ ਦਾ ਵਫ਼ਦ ਮਿਲਿਆ ਸੀ। ਜਿਨ੍ਹਾਂ ਨੇ ਜੰਮੂ ਕਸ਼ਮੀਰ ਵਾਪਸ ਜਾਣ ਦੀ ਮੰਗ ਕੀਤੀ ਸੀ। ਇਸ ਬਾਰੇ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।