ਬਰਨਾਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਢੇ ਅੱਠ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਵਿੱਚ ਲਗਾਤਾਰ ਕਿਸਾਨ ਆਪੋ ਆਪਣੀ ਡਿਊਟੀ ਅਨੁਸਾਰ ਹਾਜ਼ਰੀ ਲਵਾ ਰਹੇ ਹਨ। ਪ੍ਰੰਤੂ ਕੁੱਝ ਸਿਰੜੀ ਕਿਸਾਨ ਅਜਿਹੇ ਵੀ ਹਨ, ਜੋ ਇੱਕ ਵਾਰ ਦਿੱਲੀ ਗਏ ਅਤੇ ਹੁਣ ਤੱਕ ਵਾਪਸ ਘਰ ਹੀ ਨਹੀਂ ਪਰਤੇ। ਇਹਨਾਂ ਕਿਸਾਨਾਂ ਵਲੋਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਮੁੜਨ ਦਾ ਅਹਿਦ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਅਤੇ ਦਿੱਲੀ ਮੋਰਚੇ ਦੇ ਪ੍ਰਧਾਨ ਮੱਖਣ ਸਿੰਘ ਭਦੌੜ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਜੱਥੇਬੰਦੀ ਨਾਲ ਜੁੜੇ 4 ਕਿਸਾਨ ਅਤੇ ਇੱਕ ਮਹਿਲਾ ਕਿਸਾਨ ਲਗਾਤਾਰ ਸਾਢੇ ਅੱਠ ਮਹੀਨੇ ਤੋਂ ਦਿੱਲੀ ਦੇ ਟਿੱਕਰੀ ਬਾਰਡਰ ਉਪਰ ਪਕੌਂੜਾ ਚੌਂਕ 'ਤੇ ਤਨਦੇਹੀ ਨਾਲ ਆਪਣਾਂ ਫਰਜ਼ ਅਦਾ ਕਰ ਰਹੇ ਹਨ।
ਇਹਨਾਂ ਕਿਸਾਨਾਂ ਵਿੱਚ ਧਨੌਲਾ ਨਾਲ ਸਬੰਧਿਤ 45 ਸਾਲਾ ਕੁਲਵੰਤ ਕੌਰ, 51 ਸਾਲਾ ਕੇਵਲ ਸਿੰਘ ਅਤੇ 54 ਸਾਲ ਦਾ ਜਗਰੂਪ ਸਿੰਘ ਹੈ। ਇਸ ਤੋਂ ਬਿਨ੍ਹਾਂ ਪਿੰਡ ਉਗੋਕੇ ਦਾ 55 ਸਾਲ ਦਾ ਗੁਰਬਚਨ ਸਿੰਘ ਅਤੇ ਈਸ਼ਰ ਸਿੰਘ ਵਾਲਾ ਦਾ 68 ਸਾਲ ਦਾ ਮਹਿੰਦਰ ਸਿੰਘ ਸ਼ਾਮਲ ਹਨ। ਇਹ ਉਮਰ ਵਜੋਂ ਬਜ਼ੁਰਗ ਹੈ, ਪ੍ਰੰਤੂ ਕਿਸਾਨ ਮੋਰਚੇ ਦੀ ਜਿੱਤ ਲਈ ਹੌਂਸਲੇ ਬੁਲੰਦ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਪੰਜੇ ਯੋਧੇ 26 ਨਵੰਬਰ 2020 ਨੂੰ ਦਿੱਲੀ ਗਏ ਸਨ ਅਤੇ ਉਦੋਂ ਤੋਂ ਮੋਰਚੇ ਵਿੱਚ ਹੀ ਹਾਜ਼ਰ ਹਨ। ਇਹਨਾਂ ਨੇ ਇੱਕ ਦਿਨ ਵੀ ਘਰ ਵੱਲ ਮੁੜ ਕੇ ਨਹੀਂ ਤੱਕਿਆ। ਉਹਨਾਂ ਕਿਹਾ ਕਿ ਜਿਸ ਸੰਘਰਸ਼ ਵਿੱਚ ਅਜਿਹੀਆਂ ਸਮਰਪਿੱਤ ਰੂਹਾਂ ਹੋਣ ਉਸ ਸੰਘਰਸ਼ ਦੀ ਜਿੱਤ ਯਕੀਨੀ ਹੈ। ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣਾ ਮਿੱਥ ਕੇ ਆਏ ਹਨ ਅਤੇ ਇਹਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਵਾਪਸ ਨਹੀਂ ਜਾਣਗੇ। ਜਿਸ ਲਈ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਇਸ ਸਿਰੜ ਅੱਗੇ ਗੋਡੇ ਟੇਕਣੇ ਹੀ ਪੈਣੇ ਹਨ।
ਇਹ ਵੀ ਪੜ੍ਹੋ:ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ