ਬਰਨਾਲਾ: 26 ਜਨਵਰੀ ਤੋਂ ਬਾਅਦ ਇੱਕ ਨੌਜਵਾਨ ਦੇ ਖੁੱਲ੍ਹੇ ਵਾਲਾਂ ਅਤੇ ਸਿਰ ਵਿੱਚੋਂ ਖੂਨ ਵਗਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹਨ। ਇਹ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਜਗਸੀਰ ਸਿੰਘ ਉਰਫ਼ ਜੱਗੀ ਬਾਬਾ ਹੈ। ਜੋ 26 ਜਨਵਰੀ ਦੀ ਟਰੈਕਟਰ ਪਰੇਡ ਦਾ ਹਿੱਸਾ ਬਣਿਆ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਜਗਸੀਰ ਸਿੰਘ ਜੱਗੀ ਦੀ ਮਾਤਾ ਜਰਨੈਲ ਕੌਰ ਅਤੇ ਪਿੰਡ ਦਰਸ਼ਨ ਸਿੰਘ ਨੇ ਦੱਸਿਆ ਕਿ ਇੰਟਰਨੈਟ ਰਾਹੀਂ ਆਪਣੇ ਪੁੱਤਰ ’ਤੇ ਹੋਏ ਤਸ਼ੱਦਦ ਬਾਰੇ ਪਤਾ ਚੱਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪੁੱਤ ਦਾ ਫ਼ਿਕਰ ਸਤਾ ਰਿਹਾ ਹੈ।
ਜਾਣੋ ਕੌਣ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਜੱਗੀ ਬਾਬਾ 'ਘਟਨਾ ਤੋਂ ਬਾਅਦ ਵੀ ਜੱਗੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ'
ਜੱਗੀ ਸਿੰਘ ਦੇ ਸਾਥੀਆਂ ਨੇ ਦੱਸਿਆ ਕਿ 26 ਜਨਵਰੀ ਨੂੰ ਟਰੈਕਟਰ ਵਿੱਚ ਉਹ ਜੱਗੀ ਸਿੰਘ ਦੇ ਨਾਲ ਸ਼ਾਮਲ ਸਨ। ਪਰ ਰਸਤੇ ਵਿੱਚ ਕੁੱਝ ਸ਼ਰਾਰਤੀ ਅਨਸਰ ਜੱਗੀ ਨੂੰ ਟਰੈਕਟਰ ਤੋਂ ਖਿੱਚ ਕੇ ਲੈ ਗਏ, ਜਿਸਤੋਂ ਬਾਅਦ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਦਲਜਿੰਦਰ ਸਿੰਘ ਪੱਪੂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਨੇ ਕਿਹਾ ਕਿ ਜੱਗੀ ਸਿੰਘ ਬਹੁਤ ਨਰਮ ਸੁਭਾਅ ਦਾ ਪਰਮਾਤਮਾ ਦਾ ਨਾਮ ਜਪਨ ਵਾਲਾ ਮੁੰਡਾ ਹੈ। ਪਰ ਪੁਲਿਸ ਵੱਲੋਂ ਉਸ ’ਤੇ ਢਾਹੇ ਗਏ ਤਸ਼ੱਦਦ ਦੀ ਪੂਰਾ ਪਿੰਡ ਨਿੰਦਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੱਗੀ ਸਿੰਘ ਇੱਕ ਗਰੀਬ ਪਰਿਵਾਰ ਵਿੱਚੋਂ ਹੈ ਅਤੇ ਪਹਿਲੇ ਹੀ ਦਿਨ ਤੋਂ ਗੁਰੂ ਨਾਲ ਜੁੜਿਆ ਹੋਇਆ ਹੈ। ਉਸ ਵੱਲੋਂ ਦਿਖਾਈ ਗਈ ਦਲੇਰੀ ਨਾਲ ਸਾਰੇ ਪਿੰਡ ਦਾ ਮਾਣ ਉਚਾ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਉਸਦੇ ਪਰਿਵਾਰ ਦਾ ਹਰ ਸੰਭਵ ਮਦਦ ਕੀਤੀ ਜਾਵੇਗੀ।