ਬਰਨਾਲਾ: ਉਦਯੋਗਿਕ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੀ ਟ੍ਰਾਈਡੈਂਟ ਕੰਪਨੀ ਉਪਰ ਅੱਜ ਸਵੇਰ ਤੋਂ ਹੀ ਇਨਕਮ ਟੈਕਸ ਵਲੋਂ ਵੱਡੀ ਰੇਡ ਕੀਤੀ ਗਈ ਹੈ। ਕੰਪਨੀ ਦੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਦੀਆਂ ਬਰਨਾਲਾ ਅਤੇ ਧੌਲਾ ਵਿਖੇ ਸਥਿਤ ਫ਼ੈਕਟਰੀਆਂ ਉਪਰ ਵੀ ਆਈਟੀ ਵਿਭਾਗ ਨੇ ਰੇਡ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ, ਹਰਿਆਣਾ ਦੇ ਸਿਰਸਾ ਅਤੇ ਮੱਧਪ੍ਰਦੇਸ਼ ਦੇ ਬੁਦਨੀ ਵਿਖੇ ਆਈਟੀ ਦੀ ਟਰਾਈਡੈਂਟ ਉਪਰ ਰੇਡ ਹੋਈ ਹੈ। ਦੇਸ਼ ਭਰ ਵਿੱਚ ਇਨਕਮ ਟੈਕਸ ਦੀਆਂ 35 ਟੀਮਾਂ ਇਸ ਰੇਡ ਵਿੱਚ ਸ਼ਾਮਲ ਹਨ। (IT Raid on Trident Company)
ਪੈਰਾਮਿਲਟਰੀ ਫ਼ੋਰਸ ਵੀ ਨਾਲ ਮੌਜੂਦ : ਬਰਨਾਲਾ ਦੇ ਸੰਘੇੜਾ ਵਿਖੇ ਸਥਿਤ ਫ਼ੈਕਟਰੀ ਵਿੱਚ ਸਵੇਰੇ ਕਰੀਬ 150 ਗੱਡੀਆਂ ਨਾਲ ਇਨਕਮ ਟੈਕਸ ਦੀ ਟੀਮ ਪਹੁੰਚੀ। ਟੀਮ ਦੇ ਨਾਲ ਪੈਰਾਮਿਲਟਰੀ ਫ਼ੋਰਸ ਵੀ ਮੌਜੂਦ ਹੈ। ਜੋ ਫ਼ੈਕਟਰੀ ਦੇ ਅੰਦਰ ਅਤੇ ਬਾਹਰ ਤੈਨਾਤ ਕੀਤੀ ਗਈ ਹੈ। ਬਾਹਰ ਤੋਂ ਕਿਸੇ ਵੀ ਵਿਅਕਤੀ ਨੂੰ ਫ਼ੈਕਟਰੀ ਦੇ ਅੰਦਰ ਜਾਣ ਦੀ ਇਜ਼ਾਜ਼ਤ ਨਹੀਂ ਹੈ। ਬਰਨਾਲਾ ਵਿਖੇ ਮੁੱਖ ਫ਼ੈਕਟਰੀ ਤੋਂ ਇਲਾਵਾ ਕੰਪਨੀ ਦੇ ਕੋਵਿਡ ਕੇਅਰ ਸੈਂਟਰ ਅਤੇ ਸ਼ਾਪਿੰਗ ਮਾਲ ਵਿਖੇ ਆਈਟੀ ਦੀਆਂ ਟੀਮਾਂ ਮੌਜੂਦ ਹਨ।