ਬਰਨਾਲਾ: ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਜਾਰੀ ਹੈ। ਇਸ ਮਹਾਂਮਾਰੀ ਦੇ ਦੌਰ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਕਰਨ ਦੀ ਥਾਂ 'ਤੇ ਬਰਨਾਲਾ ਜ਼ਿਲ੍ਹੇ ਵਿੱਚ ਇਹ ਸਹੂਲਤਾਂ ਘਟਾਈਆਂ ਜਾ ਰਹੀਆਂ ਹਨ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆਏ ਹੋਏ 8 ਵੈਂਟੀਲੇਟਰ ਹੋਰਨਾਂ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਭੇਜ ਦਿੱਤੇ ਗਏ ਹਨ। ਸਿਹਤ ਅਧਿਕਾਰੀਆਂ ਵੱਲੋਂ ਵੈਂਟੀਲੇਟਰ ਬਾਹਰ ਭੇਜੇ ਜਾਣ ਲਈ ਜ਼ਿਲ੍ਹੇ ਵਿੱਚ ਵੈਂਟੀਲੇਟਰ ਚਲਾਉਣ ਲਈ ਆਈਸੀਯੂ ਯੂਨਿਟ ਜਾਂ ਹੋਰ ਲੋੜ ਅਨੁਸਾਰ ਸਟਾਫ ਨਾ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਉਥੇ ਸਿਵਲ ਹਸਪਤਾਲ ਨੂੰ ਬਚਾਓ ਕਮੇਟੀ ਨੇ ਵੈਂਟੀਲੇਟਰ ਬਾਹਰੀ ਜ਼ਿਲ੍ਹਿਆਂ ਨੂੰ ਭੇਜੇ ਜਾਣ ਦਾ ਵਿਰੋਧ ਕੀਤਾ ਹੈ। ਸਰਕਾਰ ਨੂੰ ਵੈਂਟੀਲੇਟਰ ਮੁੜ ਬਰਨਾਲਾ ਹਸਪਤਾਲ ਵਿੱਚ ਭੇਜ ਕੇ ਆਈਸੀਯੂ ਵਾਰਡ ਬਣਾਉਣ ਅਤੇ ਲੋੜੀਂਦਾ ਸਟਾਫ਼ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ 216 ਮੌਤਾਂ ਹੋਈਆਂ ਹਨ। ਉਨ੍ਹਾਂ ਵੱਲੋਂ ਸਿਵਲ ਸਰਜਨ ਦੇ ਤੌਰ ਉੱਤੇ 25 ਮਈ ਨੂੰ ਚਾਰਜ ਸੰਭਾਲਿਆ ਗਿਆ ਸੀ। ਉਸ ਤੋਂ ਪਹਿਲਾਂ ਹੀ ਬਰਨਾਲਾ ਵਿਚਾਲੇ ਵੈਂਟੀਲੇਟਰ ਹੋਰਨਾਂ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਅੱਠ ਵੈਂਟੀਲੇਟਰ ਸਨ, ਜਿਨ੍ਹਾਂ ਵਿੱਚੋਂ ਛੇ ਵੈਂਟੀਲੇਟਰ ਬਠਿੰਡਾ ਅਤੇ ਦੋ ਵੈਂਟੀਲੇਟਰ ਫ਼ਰੀਦਕੋਟ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵੈਂਟੀਲੇਟਰ ਚਲਾਉਣ ਲਈ ਜ਼ਿਲ੍ਹੇ ਭਰ ਵਿੱਚ ਕੋਈ ਵੀ ਆਈਸੀਯੂ ਯੂਨਿਟ ਜਾਂ ਲੋੜੀਂਦਾ ਸਟਾਫ ਨਹੀਂ ਹੈ। ਇਹ ਸਹੂਲਤ ਦੇਣਾ ਜ਼ਿਲ੍ਹਾ ਪੱਧਰ 'ਤੇ ਸੰਭਵ ਨਹੀਂ ਹੈ, ਜਦਕਿ ਇਹ ਸਹੂਲਤ ਦੇਣਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਹੱਥ ਹੁੰਦੀ ਹੈ।