ਬਰਨਾਲਾ: ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਵਿੱਚ ਦਸ ਰੋਜ਼ਾ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।
ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦੌਰਾਨ ਬਲੈਕਮੇਲਿੰਗ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪੰਜਾਬ ਦੀ ਜਥੇਬੰਦ ਹੋਈ ਸਾਂਝੀ ਕਿਸਾਨ ਲਹਿਰ ਵੱਲੋਂ ਸ਼ੁਰੂ ਕੀਤੇ ਆਪਣੇ ਸੰਘਰਸ਼ ਦਾ ਘੇਰਾ ਵਿਸ਼ਾਲ ਕਰਕੇ ਮੁਲਕ ਪੱਧਰਾ ਬਣਾਉਂਦਿਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ 109 ਦਿਨਾਂ ਤੋਂ ਦਿੱਲੀ ਨੂੰ ਚਾਰੇ ਦਿਸ਼ਾਵਾਂ ਤੋਂ ਘੇਰ ਕੇ ਮੋਦੀ ਹਕੂਮਤ ਦੀ ਨੀਂਦ ਹਰਾਮ ਕੀਤੀ ਹੋਈ ਹੈ। ਅਜਿਹੇ ਹਾਲਤਾਂ ਸਮੇਂ ਇਨਕਲਾਬੀ ਸ਼ਕਤੀਆਂ ਦਾ ਸੰਘਰਸ਼ ਕਰਦੇ ਤਬਕਿਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨਾ/ਅਗਵਾਈ ਦੇਣੀ ਸਮੇਂ ਦੀ ਹਕੀਕੀ ਲੋੜ ਹੈ।
ਮੀਟਿੰਗ ਨੇ ਮਹਿਸੂਸ ਕੀਤਾ ਕਿ ਇਹ ਹਮਲਾ ਸਿਰਫ ਕਿਸਾਨਾਂ ਖਿਲ਼ਾਫ ਹੀ ਨਹੀਂ ਹੈ। ਸਗੋਂ ਇਸੇ ਹੀ ਸਮੇਂ ਮੋਦੀ ਹਕੂਮਤ ਨੇ ਕਿਰਤੀਆਂ ਦੇ ਹੱਕਾਂ ਉੱਪਰ ਵੀ ਵੱਡਾ ਹੱਲਾ ਵਿੱਢਦਿਆਂ ਹਾਸਲ ਸੰਘਰਸ਼ਾਂ ਦੇ ਜੋਸ਼ ਹਾਸਲ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ 4 ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਮੋਦੀ-ਸ਼ਾਹ ਹਕੂਮਤ ਇਸ ਫਿਰਕੂ ਫਾਸ਼ੀ ਹੱਲੇ ਦੇ ਪਰਦੇ ਥੱਲੇ ਲੋਕ ਵਿਰੋਧੀ ਸਾਮਰਾਜ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਦਿੰਦਾ ਲੀਫਲੈੱਟ 20 ਹਜਾਰ ਦੀ ਗਿਣਤੀ ਵਿੱਚ ਛਪਵਾ ਕੇ ਲੋਕ ਸੱਥਾਂ ਵਿੱਚ ਵੰਡਿਆ ਜਾਵੇ। ਦਸ ਰੋਜ਼ਾ ਮੁਹਿੰਮ ਨੂੰ ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਪੂਰੇ ਤਨਦੇਹੀ ਅਤੇ ਇਨਕਲਾਬੀ ਜੋਸ਼ ਨਾਲ ਲਿਜਾਇਆ ਜਾਵੇ। 23 ਮਾਰਚ ਨੂੰ ਦਿੱਲੀ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ।
ਅੱਜ ਦੀ ਇਸ ਮੀਟਿੰਗ ਵਿੱਚ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਆਗੂ ਵੀ ਸ਼ਾਮਿਲ ਸਨ। ਆਗੂਆਂ ਨੇ ਸਮੂਹ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਲਈ ਚਲਾਈ ਜਾਣ ਵਾਲੀ ਫੰਡ ਮੁਹਿੰਮ ਸਮੇਤ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।