G-20 summit 2023: ਪੰਜਾਬ ਵਿੱਚ ਜੀ-20 ਸੰਮੇਲਨ ਨੂੰ ਲੈ ਕੇ ਪੁਲਿਸ ਪੱਬਾਂ ਭਾਰ, ਬਰਨਾਲਾ ਪੁਲਿਸ ਨੇ ਕੱਢਿਆ ਫਲੈਗ ਮਾਰਚ ਬਰਨਾਲਾ: ਦੁਨੀਆਂ ਭਰ ਦੇ 20 ਦੇਸ਼ਾਂ ਦੇ ਪੰਜਾਬ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਹੋ ਰਹੇ ਜੀ-20 ਸੰਮੇਲਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕੰਨੇ ਹੋ ਚੁੱਕੇ ਹਨ। ਜਿਸ ਤਹਿਤ ਪੁਲਿਸ ਪ੍ਰਸ਼ਾਸ਼ਨ ਵਲੋਂ ਸੂਬੇ ਭਰ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਇਸੇ ਤਹਿਤ ਅੱਜ ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਾਨੂੰਨ ਵਿਵਸਥਾ ਬਹਾਲ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਆਉਣ ਉੱਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।
ਕਾਨੂੰਨ ਵਿਵਸਥਾ ਬਹਾਲ:ਇਸ ਮੌਕੇ ਗੱਲਬਾਤ ਕਰਦਿਆਂ ਐਸਪੀ.ਡੀ ਰਮਨੀਸ਼ ਚੌਧਰੀ ਨੇ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਹਾਲ ਰੱਖਣ ਦੇ ਮੰਤਵ ਨਾਲ ਪੁਲਿਸ ਹਮੇਸ਼ਾ ਸੁਹਿਰਦ ਰਹੀ ਹੈ। ਖਾਸ ਤੌਰ ਉੱਤੇ ਪੰਜਾਬ ਵਿੱਚ ਜੀ-20 ਸੰਮੇਲਨ ਹੋ ਰਿਹਾ ਹੈ। ਜਿਸਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਦੀ ਜਿੰਮੇਵਾਰੀ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਜਿਸ ਕਰਕੇ ਅੱਜ ਬਰਨਾਲਾ ਸ਼ਹਿਰ ਵਿੱਚ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੇ ਅਲੱਗ ਅਲੱਗ ਗਜਟਿਡ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਅਲੱਗ ਅਲੱਗ ਥਾਵਾਂ ਉੱਤੇ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਫਲੈਗ ਮਾਰਚ ਵਿੱਚ ਦਿਹਾਤੀ ਅਤੇ ਸ਼ਹਿਰੀ ਦੋਵੇਂ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ।
ਪਬਲਿਕ ਨੰਬਰ ਸ਼ੇਅਰ: ਉਹਨਾਂ ਕਿਹਾ ਕਿ ਦੋ ਐੱਸਪੀ ਅਤੇ ਤਿੰਨ ਡੀਐੱਸਪੀ ਲੈਵਲ ਦੇ ਅਧਿਕਾਰੀ ਅਤੇ ਹੋਰ ਉੱਚ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ 450 ਦੇ ਕਰੀਬ ਪੁਲਿਸ ਦੇ ਮੁਲਾਜ਼ਮ ਫਲੈਗ ਲੈਕੇ ਮਾਰਚ ਕੱਢ ਰਹੇ ਹਨ। ਉਨ੍ਹਾਂ ਕਿਹਾ ਸਮੁੱਚੇ ਬਰਨਾਲਾ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਪੁਲਿਸ ਯਤਨਸ਼ੀਲ ਹੈ। ਹਰ ਛੋਟੀ ਵੱਡੀ ਘਟਨਾ ਉੱਤੇ ਪੁਲਿਸ ਦੀ ਨਜ਼ਰ ਹੈ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਇਜ਼ਾਜਤ ਨਹੀਂ ਹੈ। ਉਹਨਾਂ ਕਿਹਾ ਕਿ ਜੀ-20 ਸੰਮੇਲਨ ਸ਼ਾਂਤਮਈ ਤਰੀਕੇ ਸਫ਼ਲ ਹੋ ਸਕੇ, ਇਸ ਲਈ ਹੀ ਪੁਲਿਸ ਆਪਣਾ ਕੰਮ ਕਰ ਰਹੀ ਹੈ। ਪੁਲਿਸ ਵਲੋਂ ਜ਼ਿਲ੍ਹਾ ਨਿਵਾਸੀਆਂ ਲਈ ਪਬਲਿਕ ਨੰਬਰ ਸ਼ੇਅਰ ਕੀਤੇ ਜਾ ਚੁੱਕੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਕਾਨੂੰਨ ਵਿਵਸਥਾ ਅਤੇ ਨਸਿ਼ਆਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਪੁਲਿਸ ਪ੍ਰਸ਼ਾਸ਼ਨ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਐਸਪੀ ਚੌਧਰੀ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਹਰ ਵਰਗ ਨੇ ਪੁਲਿਸ ਨੂੰ ਕਾਨੂੰਨ ਵਿਵਸਥਾ ਸਬੰਧੀ ਹਮੇਸ਼ਾ ਸਹਿਯੋਗ ਕੀਤਾ ਹੈ ਅਤੇ ਹੁਣ ਵੀ ਅਸੀਂ ਆਸ ਕਰ ਰਹੇ ਹਾਂ ਕਿ ਹਰ ਵਰਗ ਸਾਨੂੰ ਪਹਿਲਾਂ ਦੀ ਤਰ੍ਹਾਂ ਸਹਿਯੋਗ ਦੇਵੇਗਾ।
ਇਹ ਵੀ ਪੜ੍ਹੋ:Summons issued Vijay Inder Singla: ਰਡਾਰ 'ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਵਿਜੀਲੈਂਸ ਨੇ ਭੇਜੇ ਸੰਮਨ