ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਹੋਈ। ਜਿਸ ਵਿੱਚ ਆਉਣ ਵਾਲੇ ਦਿਨ੍ਹਾਂ ਵਿਚ ਕੀਤੇ ਜਾਣ ਵਾਲੇ ਸੰਘਰਸ਼ ਸਬੰਧੀ ਅਹਿਮ ਫੈਸਲੇ ਲਏ ਗਏ। ਮੀਟਿੰਗ ਦੌਰਾਨ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਵਿਰੁੱਧ ਰੋਸ਼ ਵੱਜੋਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਿਕ 31 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਪੁਤਲਾ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਪੂਰੇ ਜ਼ੋਰ ਨਾਲ ਲਾਗੂ ਕਰਨ ਦੀ ਵਿਉਂਤਬੰਦੀ ਉਲੀਕੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਤਿਆਰੀ ਮੁਹਿੰਮ ਦੌਰਾਨ ਪਿੰਡ-ਪਿੰਡ ਮੀਟਿੰਗਾਂ ਰੈਲੀਆਂ ਨੁੱਕੜ ਨਾਟਕ ਆਦਿ ਦੇ ਜਨਤਕ ਇਕੱਠਾਂ ਰਾਹੀਂ ਵਿਆਪਕ ਲਾਮਬੰਦੀਆਂ ਕੀਤੀਆਂ ਜਾਣਗੀਆਂ। ਸਵਾ ਸਾਲ ਤੋਂ ਵੱਧ ਚੱਲੇ ਜਾਨਹੂਲਵੇਂ ਘੋਲ਼ ਦੇ ਬਲਬੂਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਮੌਕੇ ਮੋਦੀ ਸਰਕਾਰ ਵੱਲੋਂ ਦਿੱਤੇ ਗਏ ਲਿਖਤੀ ਭਰੋਸੇ 15 ਜਨਵਰੀ ਤੱਕ ਲਾਗੂ ਕਰਨ ਤੋਂ ਲਗਾਤਾਰ ਟਾਲਮਟੋਲ ਵਾਲਾ ਕਿਸਾਨ ਵਿਰੋਧੀ ਵਤੀਰਾ ਨੰਗਾ ਕੀਤਾ ਜਾਵੇਗਾ।
ਇਨ੍ਹਾਂ ਭਰੋਸਿਆਂ ਵਿਚ ਸਾਰੀਆਂ ਫ਼ਸਲਾਂ ਦੀ ਲਾਭਕਾਰੀ ਐੱਮ. ਐੱਸ. ਪੀ 'ਤੇ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਦੇਣ, ਲਖੀਮਪੁਰ ਖੀਰੀ ਕਿਸਾਨ ਕਿਸਾਨਾਂ ਦੇ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਮੁੱਖ ਸਾਜ਼ਿਸ਼ ਘਾੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ, ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਵਿਰੁੱਧ ਦਿੱਲੀ, ਚੰਡੀਗੜ੍ਹ, ਯੂ.ਪੀ, ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਮੜ੍ਹੇ ਸਾਰੇ ਪੁਲਿਸ ਕੇਸ ਰੱਦ ਕਰਨ, ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪ੍ਰਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਤੇ 1-1 ਪੱਕੀ ਸਰਕਾਰੀ ਨੌਕਰੀ ਦੇਣ ਅਤੇ ਬਿਜਲੀ ਬਿੱਲ 2020 ਵਿੱਚ ਕਿਸਾਨ ਮਜ਼ਦੂਰ ਪੱਖੀ ਸੋਧਾਂ ਕਰਨ ਵਰਗੇ ਲਿਖਤੀ ਭਰੋਸੇ ਸ਼ਾਮਲ ਹਨ।