ਬਰਨਾਲਾ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਦਰਮਿਆਨ ਬਹੁ ਗਿਣਤੀ ਵਿਧਾਨ ਸਭਾ ਸੀਟਾਂ 'ਤੇ ਪਿਛਲੀ ਵਾਰ ਇੱਕਜੁੱਟ ਰਹੇ ਆਗੂ ਇਸ ਵਾਰ ਆਹਮੋ ਸਾਹਮਣੇ ਹਨ। ਅਜਿਹਾ ਮਾਮਲਾ ਬਰਨਾਲਾ ਦੀ ਵਿਧਾਨ ਸਭਾ ਸੀਟ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਜਿੱਥੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਇਕਜੁੱਟ ਰਹੇ ਵਿਧਾਇਕ ਤੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਬਲਜੀਤ ਸਿੰਘ ਬਡਬਰ ਆਹਮੋ ਸਾਹਮਣੇ ਹਨ। ਮੀਤ ਹੇਅਰ ਨੂੰ ਉਸਦੇ ਸਾਥੀ ਬਲਜੀਤ ਬਡਬਰ ਵਲੋਂ ਚੁਣੌਤੀ ਦਿੱਤੀ ਜਾ ਰਹੀ ਹੈ।
ਬਲਜੀਤ ਸਿੰਘ ਬਡਬਰ ਨੇ ਪਿਛਲੀਆਂ ਚੋਣਾਂ ਦੌਰਾਨ ਮੀਤ ਹੇਅਰ ਦੀ ਜਿੱਤ ਲਈ ਵੱਡਾ ਯੋਗਦਾਨ ਪਾਇਆ ਸੀ। ਪ੍ਰੰਤੂ ਉਹ ਇਸ ਵਾਰ ਮੀਤ ਹੇਅਰ ਦੇ ਖਿਲਾਫ਼ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਅਤੇ ਆਪਣਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਬਲਜੀਤ ਸਿੰਘ ਬਡਬਰ ਨੇ ਕਿਹਾ ਕਿ ਉਹ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਮੇਰੇ ਕੋਲ ਵੱਡੀ ਸਿਫ਼ਾਰਸ ਜਾਂ ਪੈਸੇ ਦਾ ਸਿਸਟਮ ਨਾ ਹੋਣ ਕਰਕੇ ਦਰਕਿਨਾਰ ਕੀਤਾ ਗਿਆ। ਮੈਂ ਪਾਰਟੀ ਵਿੱਚ ਜ਼ਿਲ੍ਹਾ ਯੂਥ ਵਿੰਗ ਦਾ ਪ੍ਰਧਾਨ, ਲੋਕ ਸਭਾ ਹਲਕਾ ਸੰਗਰੂਰ ਅਤੇ ਮਾਲਵਾ ਪੱਧਰ 'ਤੇ ਮੀਤ ਪ੍ਰਧਾਨ ਰਿਹਾ। ਪ੍ਰੰਤੂ ਮੇਰੇ ਸਾਥੀ ਮੀਤ ਹੇਅਰ ਨੇ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿੱਚ ਖੜਾ ਕਰਕੇ ਹਰਾਇਆ। ਜਿਸ ਕਰਕੇ ਬਹੁ ਗਿਣਤੀ ਸਾਥੀ ਮੀਤ ਹੇਅਰ ਤੋਂ ਨਿਰਾਸ਼ ਹੁੰਦੇ ਰਹੇ।
ਉਹਨਾਂ ਕਿਹਾ ਕਿ ਮੀਤ ਹੇਅਰ ਵਰਗੇ ਵਿਅਕਤੀ ਨੇ ਸਿਫ਼ਾਰਸੀ ਸਿਸਟਮ ਨਾਲ ਟਿਕਟਾਂ ਲਈਆਂ ਅਤੇ ਜਿੱਤਣ ਤੋਂ ਬਾਅਦ ਭ੍ਰਿਸ਼ਟ ਸਿਸਟਮ ਦੀ ਥਾਂ ਪਾਰਟੀ ਦੇ ਅੰਦਰ ਹੀ ਝਾੜੂ ਲਗਾ ਦਿੱਤਾ। ਪਾਰਟੀ ਨਾਲ ਜੁੜੇ ਜੁਝਾਰੂ ਸਾਥੀਆਂ ਨੂੰ ਪਾਰਟੀ ਤੋਂ ਦਰਕਿਨਾਰ ਕੀਤਾ ਗਿਆ। ਪ੍ਰੰਤੂ ਹੁਣ ਮੈਂ ਆਪਣੇ ਸਾਥੀਆਂ ਦੀ ਸਲਾਹ ਲੈ ਕੇ ਆਜ਼ਾਦ ਤੌਰ 'ਤੇ ਚੋਣ ਲੜ ਰਿਹਾ ਹਾਂ। ਜਿਸ ਕਰਕੇ ਮੀਤ ਹੇਅਰ ਦੀ ਹਾਲਤ ਪਤਲੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਮੀਤ ਹੇਅਰ ਹੁਣ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਭੇਜ ਰਿਹਾ ਹੈ ਅਤੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗਾਂ ਦੀ ਗੱਲ ਆਖੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਸ ਵਾਰ ਮੀਤ ਹੇਅਰ ਨੂੰ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿੱਚ ਕੋਈ ਮੂੰਹ ਨਹੀਂ ਲਾ ਰਿਹਾ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਪਿੰਡਾਂ ਵਿੱਚ ਜਾਣ 'ਤੇ ਬਹੁਤ ਸਾਥ ਦੇ ਰਹੇ ਹਨ ਅਤੇ ਆਪਣੀ ਜਿੱਤ ਲਈ ਬਹੁਤ ਆਸਵੰਦ ਹਾਂ। ਉਹਨਾਂ ਕਿਹਾ ਕਿ ਮੈਂ ਆਪਣੀ ਚੋਣ ਮੁਹਿੰਮ ਵਿੱਚ ਕਈ ਮੁੱਦੇ ਲੈ ਕੇ ਚੱਲ ਰਿਹਾ ਹਾਂ। ਜਿਸ ਵਿੱਚ ਸਿਹਤ, ਸਿੱਖਿਆ, ਬਿਨ੍ਹਾਂ ਘਰ ਅਤੇ ਛੱਤ ਤੋਂ ਰਹਿ ਰਹੇ ਗਰੀਬ ਪਰਿਵਾਰਾਂ ਸਮੇਤ ਹੋਰ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ :ਰਵਨੀਤ ਬਿੱਟੂ ਦਾ PM ਮੋਦੀ ਤੇ ਰਾਬੀਆ ਸਿੱਧੂ ’ਤੇ ਵੱਡਾ ਬਿਆਨ, ਕਿਹਾ...