ਬਰਨਾਲਾ: ਪਿਛਲੇ ਦਿਨੀਂ ਬਰਨਾਲਾ ਦੇ ਇੱਕ ਪੈਟਰੋਲ ਪੰਪ 'ਤੇ ਕਾਰ 'ਚ CNG ਭਰਾਉਣ ਨੂੰ ਲੈ ਕੇ ਪੰਪ ਮਾਲਕ ਅਤੇ ਗ੍ਰਾਹਕ ਵਿਚਾਲੇ ਝਗੜਾ ਹੋ ਗਿਆ ਅਤੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਪੰਪ ਦੇ ਮਾਲਕ ਨੇ ਆਪਣੇ ਬਚਾਅ 'ਚ ਆਪਣੇ ਨਿੱਜੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਇਸੇ ਮਸਲੇ ਨੂੰ ਲੈ ਕੇ ਪੈਟਰੋਲ ਪੰਪ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਦੇ ਵਪਾਰੀਆਂ ਵੱਲੋਂ ਬਰਨਾਲਾ ਸਿਟੀ ਥਾਣੇ ਦਾ ਘਿਰਾਓ ਕਰਕੇ ਪੈਟਰੋਲ ਪੰਪ 'ਤੇ ਆ ਕੇ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਸਬੰਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਆਏ ਅਤੇ ਲੜਾਈ-ਝਗੜਾ ਕੀਤਾ ਅਤੇ ਗੁੰਡਾਗਰਦੀ ਕੀਤੀ। ਜਿਸ ਵਿੱਚ ਉਸ ਨੂੰ ਆਪਣੀ ਜਾਨ ਬਚਾਉਣ ਲਈ ਸਵੈ-ਰੱਖਿਆ ਵਿੱਚ ਗੋਲੀ ਚਲਾਉਣੀ ਪਈ। ਪਰ ਪੁਲਿਸ ਨੇ ਉਹਨਾਂ ਦੇ ਪੁੱਤਰ ਤੇ ਇਰਾਦਾ ਕਤਲ ਦਾ ਪਰਚਾ ਦਰਜ਼ ਕਰ ਲਿਆ। ਜਦਕਿ ਮੇਰੇ ਪੁੱਤਰ ਨੇ ਗੋਲੀ ਆਪਣੀ ਰੱਖਿਆ ਲਈ ਚਲਾਈ ਸੀ। ਜਦਕਿ ਦੂਜੇ ਪਾਸੇ ਪੁਲਿਸ ਦੂਜੀ ਧਿਰ ਦਾ ਸ਼ਰੇਆਮ ਪੱਖ ਪੂਰ ਰਹੀ ਹੈ। ਉਹਨਾਂ ਵਿਰੁੱਧ ਬਣਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਰੋਸ ਵਜੋਂ ਉਹਨਾਂ ਨੂੰ ਥਾਣੇ ਅੱਗੇ ਆ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।