ਬਰਨਾਲਾ:ਮਾਲਵੇ ਦੀ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ, ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਜੱਥੇਬੰਦੀ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਜੱਥੇਬੰਦੀ ਦੇ ਚਾਰ ਆਗੂਆਂ ਵਿਰੁੱਧ ਕਾਰਵਾਈ ਕਰਦੇ ਹੋਏ ਜੱਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜਿਸ ਉੱਤੇ ਜੱਥੇਬੰਦੀ ਦੇ ਹੋਰ ਆਗੂ ਭੜਕ ਗਏ, ਪ੍ਰਧਾਨ ਵੱਲੋਂ ਜਿੱਥੇ ਕੱਢੇ ਗਏ ਆਗੂਆਂ 'ਤੇ ਜੱਥੇਬੰਦੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਲਗਾਏ ਗਏ ਹਨ, ਉੱਥੇ ਕੱਢੇ ਗਏ ਆਗੂਆਂ ਨੇ ਜੱਥੇਬੰਦੀ ਪ੍ਰਧਾਨ 'ਤੇ ਕਿਸਾਨ ਅੰਦੋਲਨ ਸਮੇਂ ਕੇਂਦਰੀ ਏਜੰਸੀਆਂ ਤੇ ਮੰਤਰੀਆਂ ਨਾਲ ਮੀਟਿੰਗ ਦੇ ਇਲਜ਼ਾਮ ਲਗਾਏ ਗਏ।
ਕੀਤੀ ਜਾਵੇਗੀ ਸਖ਼ਤ ਕਾਰਵਾਈ: ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਅੱਜ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀ ਖ਼ਿਲਾਫ਼ ਗਤੀਵਿਧੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਕਿਸਾਨ ਜਥੇਬੰਦੀ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਵੱਡਾ ਆਗੂ ਜਾਂ ਛੋਟਾ ਆਗੂ ਕਿਸਾਨ ਜਥੇਬੰਦੀ ਦੇ ਖ਼ਿਲਾਫ਼ ਕੰਮ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।