ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਜਿਸ ਤਹਿਤ ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਜਿੱਥੇ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਦੂਜੀਆਂ ਪਾਰਟੀਆਂ ਦੇ ਆਗੂ ਅਤੇ ਵਰਕਰਾਂ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ।
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਬਰਨਾਲਾ ਦੇ ਪਿੰਡ ਰੂੜੇਕੇ ਵਿਖੇ ਜਿੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਉੱਥੇ ਉਹਨਾਂ ਇਸ ਮੌਕੇ ਭਾਰਤੀ ਜਨਤਾ ਪਾਰਟੀ ਮਹਿਲਾ ਯੂਥ ਵਿੰਗ ਦੀ ਸ਼ਹਿਰੀ ਪ੍ਰਧਾਨ ਕਰਮਜੀਤ ਕੌਰ ਤੋਂ ਇਲਾਵਾ ਕਾਂਗਰਸੀ ਸਰਪੰਚ ਨੂੰ ਆਪਣੀ ਪਾਰਟੀ ਵਿੱਚ ਵਿੱਚ ਸ਼ਾਮਲ ਕੀਤਾ। ਸਿਮਰਨਜੀਤ ਮਾਨ ਨੇ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਲੋਕ ਭਲਾਈ ਲਈ ਜੋ ਵੀ ਮਸਲਾ ਧਿਆਨ ਵਿੱਚ ਲਿਆਂਦਾ ਜਾਵੇਗਾ, ਉਸ ਨੂੰ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।
ਹੱਕ ਮੰਗਣ ਉੱਤੇ ਲਾਠੀਚਾਰਜ: ਐੱਮਪੀ ਮਾਨ ਨੇ ਸੰਗਰੂਰ ਦੇ ਲੌਂਗੋਵਾਲ ਵਿਖੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਕਰਕੇ ਸ਼ਹੀਦ ਕੀਤੇ ਇੱਕ ਕਿਸਾਨ ਦੇ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮਾਨ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਪੀੜਤ ਕਿਸਾਨ ਪਰਿਵਾਰਾਂ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ ਦੇ ਮੁਆਵਜ਼ਾ ਦੇਣ ਦੀ ਗੱਲ ਕਹੀ। ਮਾਨ ਨੇ ਕਿਹਾ ਕਿ ਕਿਸਾਨਾਂ 'ਤੇ ਲਾਠੀਚਾਰਜ ਕਰਕੇ ਇੱਕ ਕਿਸਾਨ ਵੀਰ ਨੂੰ ਸ਼ਹੀਦ ਕੀਤਾ ਗਿਆ ਹੈ, ਉਹ ਸਰਕਾਰ ਦੀ ਧੱਕੇਸ਼ਾਹੀ ਹੈ। ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ 'ਤੇ ਦਬਾਉਣਾ ਚਾਹੁੰਦੀ ਹੈ, ਜੋ ਕਿ ਜਮਹੂਰੀਅਤ ਦਾ ਘਾਣ ਹੈ। ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਜਮਹੂਰੀਅਤ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੀ। ਇਸ ਦੇ ਕਰਕੇ ਮੁੱਖ ਮੰਤਰੀ ਪੰਜਾਬ ਨੇ ਪੁਲਿਸ ਨੂੰ ਹੁਕਮ ਦੇ ਰੱਖੇ ਹਨ ਕਿ ਕਿਸਾਨਾਂ ਸਮੇਤ ਜੋ ਵੀ ਕੋਈ ਆਪਣੇ ਹੱਕ ਲੈਣ ਲਈ ਘਰੋਂ ਨਿਕਲਦਾ ਹੈ, ਉਸ ਉੱਤੇ ਲਾਠੀਚਾਰਜ ਕਰ ਦਿਓ।
ਪੀੜਤਾਂ ਨੂੰ ਮਿਲੇ ਮੁਆਵਜ਼ਾ: ਕੇਂਦਰ ਸਰਕਾਰ ਵੱਲੋਂ ਜੋ ਦਿੱਲੀ ਦੇ ਮੋਰਚੇ ਵਿੱਚ ਵਾਅਦੇ ਕੀਤੇ ਗਏ ਸੀ, ਉਹ ਨਿਭਾਏ ਨਹੀਂ ਗਏ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਹੜਾਂ ਪੀੜਤਾਂ ਨੂੰ ਮੁਆਵਜੇ ਦੇਣ ਦਾ ਐਲਾਨ ਕੀਤਾ ਸੀ, ਉਸ ਨੂੰ ਵੀ ਅਮਲੀ ਰੂਪ ਨਹੀਂ ਦਿੱਤਾ ਗਿਆ। ਸੰਸਦ ਮੈਂਬਰ ਮਾਨ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਆਪਣੇ ਘਰ ਜਾਂ ਪਾਰਟੀ ਵਿੱਚ ਬੈਠ ਕੇ ਮਾਖੌਲ ਕਰ ਸਕਦੇ ਹਨ ਪਰ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਸ਼ਹੀਦੀ ਸਮਾਗਮ ਵਿੱਚ ਜਾ ਕੇ ਮੁਆਵਜ਼ੇ ਦੇਣ ਸੰਬੰਧੀ ਮਜ਼ਾਕੀਆ ਲਹਿਜੇ ਵਿੱਚ ਬਿਆਨਬਾਜ਼ਾ ਕਰਨਾ ਗਲਤ ਹੈ। ਪੀੜਤ ਲੋਕਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਮੁਆਵਜ਼ਾ ਦਿੱਤਾ ਜਾਵੇ।
ਹੜ੍ਹ ਦਾ ਕਾਰਣ ਸਰਕਾਰ ਦੀ ਨਲਾਇਕੀ: ਸਿਮਰਨਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹ ਕੁਦਰਤ ਦੀ ਮਾਰ ਨਹੀਂ ਹਨ, ਸਗੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਸਿੱਟਾ ਹਨ। ਭਾਖੜਾ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਕੋਈ ਨੁੰਮਾਇਦਾ ਨਹੀਂ, ਜਿਸ ਕਾਰਨ ਪੰਜਾਬ 'ਤੇ ਪੈਣ ਵਾਲੀ ਮਾਰ ਨੂੰ ਅਣਦੇਖਿਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਬੀਐੱਮਬੀ ਕੋਲ ਵਿਗਿਆਨ ਦੇ ਸਾਰੇ ਸਾਧਨ ਮੌਜੂਦ ਹਨ, ਜਿਨ੍ਹਾਂ ਰਾਹੀਂ ਪਹਿਲਾਂ ਹੀ ਪਤਾ ਚਲ ਜਾਂਦਾ ਹੈ ਕਿ ਮੀਂਹ ਕਿੰਨਾ ਪੈਣਾ ਹੈ ਜਾਂ ਨਹੀਂ। ਫਿਰ ਵੀ ਹੜ੍ਹਾਂ ਤੋਂ ਪਹਿਲਾਂ ਪੁਖਤਾ ਪ੍ਰਬੰਧ ਨਾ ਕਰਨਾ ਸਰਕਾਰਾਂ ਦੀ ਪੰਜਾਬ ਵਿਰੋਧੀ ਮੰਸ਼ਾ ਨੂੰ ਜੱਗ ਜਾਹਿਰ ਕਰਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਿਸਾਨਾਂ ਵੱਲੋਂ ਲਾਇਆ ਇਹ ਮੋਰਚਾ ਜਰੂਰ ਸਫਲ ਹੋਵੇਗਾ।