ਬਰਨਾਲਾ: ਜ਼ਿਲ੍ਹੇ ਦੇ ਪਿੰਡ ਅਸਪਾਲ ਖੁਰਦ ਵਿੱਚ ਬੀਤੇ ਦਿਨ ਫੜੇ ਗਏ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਜ਼ਿਲ੍ਹੇ ਦੇ ਉਚ ਪੁਲਿਸ, ਪ੍ਰਸ਼ਾਸਨਿਕ, ਮਾਈਨਿੰਗ ਅਤੇ ਮਾਲ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮਾਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾ ਕੇ ਕਾਰਵਾਈ ਆਰੰਭੀ ਗਈ।
ਨਾਜਾਇਜ਼ ਮਾਈਨਿੰਗ: ਉੱਚ ਅਧਿਕਾਰੀਆਂ ਨੇ ਮੌਕੇ ਦਾ ਲਿਆ ਜਾਇਜ਼ਾ, ਜਾਂਚ ਕਮੇਟੀ ਬਣਾ ਕੇ ਕਾਰਵਾਈ ਆਰੰਭੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਰਨਾਲਾ ਪੁਲਿਸ ਨੇ ਨਾਜਾਇਜ਼ ਕਾਰੋਬਾਰ ਦਾ ਪਰਦਾਫਾਸ਼ ਕਰਦੇ ਹੋਏ ਪੰਜ ਵਿਅਕਤੀਆਂ 'ਤੇ ਪਰਚਾ ਦਰਜ ਕਰਕੇ ਦੋ ਜੇਸੀਬੀ ਮਸ਼ੀਨਾਂ, ਟਰੈਕਟਰ ਟਰਾਲੀ ਅਤੇ ਹੋਰ ਸੰਦ ਕਬਜ਼ੇ ਵਿੱਚ ਲਏ ਸਨ।
ਇਸ ਸਬੰਧੀ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਨੇ ਬੀਤੇ ਦਿਨ ਅਸਪਾਲ ਖੁਰਦ ਵਿਖੇ ਨਾਜਾਇਜ਼ ਮਾਈਨਿੰਗ ਦਾ ਕੇਸ ਫੜ੍ਹਿਆ ਸੀ, ਜਿਸ ਸਬੰਧ ਵਿੱਚ ਬੁੱਧਵਾਰ ਨੂੰ ਉਹ ਉਚ ਅਧਿਕਾਰੀਆਂ ਨਾਲ ਨਾਜਾਇਜ਼ ਮਾਈਨਿੰਗ ਵਾਲੇ ਸਥਾਨ ਦਾ ਜਾਇਜ਼ਾ ਲੈਣ ਲਈ ਪੁੱਜੇ ਹਨ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਐਸਡੀਐਮ, ਮਾਈਨਿੰਗ ਵਿਭਾਗ ਦੇ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋਸ਼ੀਆਂ ਵੱਲੋਂ ਜੋ ਕਾਲਾਬਾਜ਼ਾਰੀ ਕੀਤੀ ਗਈ ਹੈ ਇਸ ਦਾ ਸਾਰਾ ਰਿਕਾਰਡ ਤਿਆਰ ਕਰਕੇ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ।
ਮਾਮਲੇ ਸਬੰਧੀ ਮੌਕੇ 'ਤੇ ਹਾਜ਼ਰ ਐਸਡੀਐਮ ਵੀਰਜੀਤ ਵਾਲੀਆ ਨੇ ਦੱਸਿਆ ਕਿ ਇਸ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਦੀ ਪੂਰੀ ਜਾਂਚ ਕਮੇਟੀ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਦੋਸ਼ੀਆਂ ਵਿਰੁੱਧ ਪਹਿਲਾਂ ਹੀ ਪਰਚਾ ਦਰਜ ਕੀਤਾ ਗਿਆ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੀਤੇ ਗਏ ਜੁਰਮਾਨੇ ਦੀ ਰਕਮ ਦੋਸ਼ੀ ਨਹੀਂ ਭਰਦੇ ਤਾਂ ਜ਼ਮੀਨ ਵੀ ਅਕਵਾਇਰ ਕੀਤੀ ਜਾ ਸਕਦੀ ਹੈ।