ਬਰਨਾਲਾ: ਜ਼ਿਲ੍ਹੇ ਦੇ ਪਿੰਡ ਢਿੱਲਵਾਂ ਨੇੜੇ ਕਾਰ ਚਾਲਕ ਵਲੋਂ ਵੱਡੀ ਅਣਗਹਿਲੀ ਨਾਲ ਪਿੱਛੇ ਤੋਂ ਸਕੂਟਰੀ ਨੂੰ ਟੱਕਰ ਮਾਰਨ ਨਾਲ ਸਕੂਟਰੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਬਠਿੰਡਾ ਚੰਡੀਗੜ੍ਹ ਹਾਈਵੇ ਉਪਰ ਵਾਪਰੀ ਹੈ। ਸੜਕ ਹਾਦਸੇ ਵਿੱਚ ਗੱਡੀ ਦੀ ਟੱਕਰ ਏਨੀ ਭਿਆਨਕ ਸੀ ਕਿ ਸਕੂਟਰੀ ਸਵਾਰ ਦੋਵੇਂ ਪਤੀ ਪਤਨੀ ਕਈ ਫੁੱਟ ਉਪਰ ਨੂੰ ਜੰਪ ਖਾ ਕੇ ਹੇਠਾਂ ਡਿੱਗੇ, ਜਿਸ ਕਾਰਨ ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਪਤੀ ਨੇ ਡੀਐਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਘਟਨਾ ਨਾਲ ਬਰਨਾਲਾ ਸ਼ਹਿਰ ਵਿੱਚ ਕਾਫੀ ਮਾਹੌਲ ਗ਼ਮਗੀਨ ਹੈ। ਪੁਲਿਸ ਵਲੋਂ ਇਸ ਸਬੰਧੀ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ:Case registered against Madan Lal Jalalpur: ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਮਾਮਲਾ ਦਰਜ
ਧੀ ਨੂੰ ਮਿਲਣ ਜਾ ਰਹੇ ਸਨ ਪਤੀ-ਪਤਨੀ:ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਤੀ-ਪਤਨੀ ਦੇ ਰਿਸ਼ਤੇਦਾਰਾਂ ਰਣ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਆਪਣੀ ਧੀ ਨੂੰ ਸਕੂਲ ਮਿਲਣ ਜਾ ਰਹੇ ਸਨ। ਇਸ ਦੌਰਾਨ ਬਠਿੰਡਾ ਚੰਡੀਗੜ੍ਹ ਹਾਈਵੇ ਉਪਰ ਉਹਨਾਂ ਨੂੰ ਪਿੱਛੇ ਤੋਂ ਇੱਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਪਤੀ ਪਤਨੀ ਆਪਣੇ ਪਿੱਛੇ 3 ਬੱਚੇ ਛੱਡ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਪੁਲਿਸ ਸਖਤ ਕਾਰਵਾਈ ਕਰੇ ਤਾਂ ਜੋ ਇਹੋ ਜਹੇ ਹਾਦਸੇ ਨਾ ਹੋਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਤੀ-ਪਤਨੀ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਰਥਿਕ ਮਦਦ ਕੀਤੀ ਜਾਵੇ।