ਬਰਨਾਲਾ: ਸ਼ਹਿਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਆਏ ਦਿਨ ਆਮ ਹੁੰਦੀਆਂ ਜਾ ਰਹੀਆਂ ਹਨ। ਤਾਜ਼ਾ ਮਿਸਾਲ ਦੇ ਤੌਰ 'ਤੇ ਖੁੱਡੀ ਰੋਡ ’ਤੇ 12 ਵਿਅਕਤੀਆਂ ਨੇ ਇੱਕ ਕਾਰ ਸਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕਾਰ ਨੂੰ ਅੱਗ ਲਗਾ ਦਿੱਤੀ। ਮਾਮਲੇ ਸਬੰਧੀ ਪੀੜਤ ਨੇ ਦੱਸਿਆ ਕਿ ਉਹ ਤਪਾ ਸ਼ਹਿਰ ਤੋਂ ਸਵਾਰੀਆਂ ਛੱਡ ਕੇ ਬਰਨਾਲਾ ਵਾਪਸ ਪਰਤ ਰਿਹਾ ਸੀ। ਰਸਤੇ ਵਿੱਚ ਮੋਟਰਸਾਈਕਲ ਕੁੱਝ ਲੋਕਾਂ ਨੇ ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸਦੀ ਕਾਰ ਨੂੰ ਅੱਗ ਲਗਾ ਦਿੱਤੀ। ਫਿਲਹਾਲ ਜ਼ਖਮੀ ਕਾਰ ਸਵਾਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਕੁੱਟਮਾਰ ਕਰਨ ਅਤੇ ਕਾਰ ਨੂੰ ਅੱਗ ਲਗਾਉਣ ਵਾਲੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਵੀ ਕੀਤਾ ਗਿਆ ਸੀ ਮੇਰੇ ’ਤੇ ਹਮਲਾ- ਪੀੜਤ ਜ਼ਖਮੀ ਡਰਾਈਵਰ ਜਸਪ੍ਰੀਤ ਸਿੰਘ ਅਤੇ ਉਸਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੀ ਕਾਰ ਸਵਾਰ ’ਚ ਸਵਾਰੀਆਂ ਤਪਾ ਮੰਡੀ ਛੱਡ ਕੇ ਬਰਨਾਲਾ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ। ਜਦੋਂ ਉਹ ਆਪਣੀ ਕਾਰ ਦਾ ਟਾਇਰ ਬਦਲ ਰਿਹਾ ਸੀ ਤਾਂ ਉਸ 'ਤੇ 6 ਤੋਂ 7 ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 12 ਦੇ ਕਰੀਬ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਪੀੜਤ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ 9 ਮਾਰਚ ਨੂੰ ਵੀ ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਸੀ, ਪਰ ਪੁਲਿਸ ਵੱਲੋਂ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਫਿਰ ਤੋਂ ਉਸ ਤੇ ਹਮਲਾ ਹੋਇਆ ਤੇ ਉਸਦੀ ਕਾਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਜਿਸ ਕਾਰਨ ਪੀੜਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਪਿਓ-ਪੁੱਤ ਨੇ ਗਰੀਬ ਲੜਕੀਆਂ ਦੀ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ ’ਚ ਕੈਦ
ਪੁਲਿਸ ਨੇ ਕੀਤਾ ਮਾਮਲਾ ਦਰਜ
ਇਸ ਮਾਮਲੇ ਜਾਂਚ ਪੁਲਿਸ ਅਧਿਕਾਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੁਆਰਾ ਜ਼ਖਮੀ ਕਾਰ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।