ਬਰਨਾਲਾ:ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਸਰਦ ਰੁੱਤ ਸੁਰੂ ਹੋ ਗਈ ਹੈ। ਜਿਸ ਕਰਕੇ ਪ੍ਰਸ਼ਾਸਨ ਵੱਲੋਂ ਸਰਦ ਰੁੱਤ ਵਿੱਚ ਧੁੰਦ ਤੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਸ਼ੁੱਕਰਵਾਰ ਨੂੰਖ਼ਰਾਬ ਮੌਸਮ ਕਾਰਨ ਦਿੱਲੀ ਤੋਂ ਜਾ ਰਹੇ ਇੱਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਵਿਖੇ ਉਤਰਨਾ ਪਿਆ। ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਮਹਿਲ ਕਲਾਂ ਬਲਤੇਜ ਸਿੰਘ ਨੇ ਦੱਸਿਆ ਕਿ 2 ਵਿਅਕਤੀ ਅਮਰੀਕਾ ਤੋਂ ਦਿੱਲੀ ਏਅਰਪੋਰਟ 'ਤੇ ਉਤਰੇ ਸਨ। ਜਿਹਨਾਂ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਵਿਖੇ ਜਾਣਾ ਸੀ। ਉਹ ਕਿਰਾਏ 'ਤੇ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰਕੇ ਆਪਣੇ ਪਿੰਡ ਧਰਮਕੋਟ ਨੂੰ ਜਾ ਰਹੇ ਸਨ, ਪ੍ਰੰਤੂ ਪਾਇਲਟ ਵੱਲੋ ਖਰਾਬ ਮੌਸਮ ਨੂੰ ਦੇਖਦਿਆਂ ਹੈਲੀਕਾਪਟਰ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦੀ ਅਨਾਜ ਮੰਡੀ ‘ਚ ਐਮਰਜੈਂਸੀ ਹਾਲਤਾਂ ‘ਚ ਉਤਾਰਨਾ ਪਿਆ।