ਪੰਜਾਬ

punjab

ETV Bharat / state

ਬਰਨਾਲਾ: ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਫ਼ੇਰਿਆ ਪਾਣੀ

ਪੰਜਾਬ ਵਿੱਚ ਬੀਤੇ ਦਿਨ ਭਾਰੀ ਮੀਂਹ ਪਿਆ ਜਿਸ ਕਾਰਨ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਖ਼ਰਾਬ ਹੋ ਗਈਆਂ। ਗੜ੍ਹੇਮਾਰੀ ਅਤੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫ਼ੇਰ ਕੇ ਰੱਖ ਦਿੱਤਾ ਹੈ।

ਫ਼ੋਟੋ।
ਫ਼ੋਟੋ।

By

Published : Apr 21, 2020, 1:29 PM IST

ਬਰਨਾਲਾ: ਕਣਕ ਦੀ ਪੱਕ ਚੁੱਕੀ ਫ਼ਸਲ ਦੀ ਵਾਢੀ ਜਿੱਥੇ ਪਹਿਲਾਂ ਹੀ ਕੋਰੋਨਾ ਵਾਇਰਸ ਕਰਕੇ ਪ੍ਰਭਾਵਿਤ ਹੋ ਰਹੀ ਸੀ। ਉਥੇ ਹੀ ਬਰਨਾਲਾ ਦੇ ਪਿੰਡਾਂ ਵਿੱਚ ਪਈ ਭਾਰੀ ਗੜ੍ਹੇਮਾਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫ਼ੇਰ ਕੇ ਰੱਖ ਦਿੱਤਾ ਹੈ।

ਜ਼ਿਲ੍ਹੇ ਦੇ ਪਿੰਡ ਦੀਵਾਨਾ ਤੇ ਨਰਾਇਣਗੜ੍ਹ ਸੋਹੀਆਂ ਵਿਖੇ ਭਾਰੀ ਗੜ੍ਹੇਮਾਰੀ ਕਾਰਨ ਜਿੱਥੇ ਕਿਸਾਨਾਂ ਦਿਆਂ ਖੇਤਾਂ 'ਚ ਖੜ੍ਹੀਆਂ ਪੱਕੀਆਂ ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋ ਗਿਆ। ਇਸ ਦੇ ਨਾਲ ਹੀ ਮੰਡੀ 'ਚ ਪਈ ਫ਼ਸਲ ਵੀ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹੀ ਤੇ ਫ਼ਸਲ ਮੀਂਹ ਦੇ ਪਾਣੀ ਵਿੱਚ ਹੀ ਰੁੜ ਗਈ। ਇਸ ਗੜ੍ਹੇਮਾਰੀ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਕੇ ਰੱਖ ਦਿੱਤੇ ਹਨ।

ਵੇਖੋ ਵੀਡੀਓ

ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਕਰੀਬ ਅੱਧਾ ਘੰਟਾ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਹੋਈ। ਇਸ ਗੜ੍ਹੇਮਾਰੀ ਨਾਲ ਕਣਕ ਦੀ ਪੱਕ ਕੇ ਖੜੀ ਫ਼ਸਲ ਮਧੋਲੀ ਗਈ। ਬੱਲੀਆਂ ਦੇ ਦਾਣੇ ਧਰਤੀ ’ਤੇ ਕੇਰ ਦਿੱਤੇ ਹਨ। ਸਬਜ਼ੀਆਂ ਅਤੇ ਹਰੇ ਚਾਰੇ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ।

ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਪਾਣੀ ਭਰ ਗਿਆ ਅਤੇ ਕਿਸਾਨਾਂ ਦੀ ਫ਼ਸਲ ਢੇਰੀ ਤੋਂ ਪਾਣੀ ਵਿੱਚ ਰੁੜ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਕੋਰੋਨਾ ਵਾਇਰਸ ਕਾਰਨ ਕਣਕ ਦੀ ਫ਼ਸਲ ਦੀ ਵਾਢੀ ਦੇਰੀ ਨਾਲ ਹੋਈ ਹੈ। ਮੰਡੀਆਂ ਵਿੱਚ ਪੀਣ ਵਾਲੇ ਪਾਣੀ ਤੋਂ ਲੈ ਕੇ ਕੋਈ ਪ੍ਰਬੰਧ ਨਹੀਂ ਹੈ। ਕਿਸਾਨਾਂ ਦੀਆਂ ਫ਼ਸਲਾਂ ਢੱਕਣ ਲਈ ਪ੍ਰਬੰਧ ਨਹੀਂ ਹਨ ਜਿਸ ਕਰਕੇ ਕਣਕ ਮੀਂਹ ਦੇ ਪਾਣੀ ਵਿੱਚ ਰੁੜ ਗਈ।

ਫ਼ੋਟੋ।

ਕਿਸਾਨ 60-60 ਹਜ਼ਾਰ ਰੁਪਏ ਉੱਤੇ ਜ਼ਮੀਨਾਂ ਠੇਕੇ ਉੱਤੇ ਲੈ ਕੇ ਖੇਤੀ ਕਰ ਰਹੇ ਹਨ ਪਰ ਇਸ ਗੜ੍ਹੇਮਾਰੀ ਕਾਰਨ ਵੱਡਾ ਨੁਕਸਾਨ ਹੋਇਆ ਹੈ ਜਿਸ ਕਰਕੇ ਕਿਸਾਨਾਂ ਸਿਰ ਕਰਜ਼ੇ ਦੀ ਮਾਰ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਭਿੱਜ ਚੁੱਕੀ ਹੈ ਜਿਸ ਲਈ ਨਮੀ ਵਿੱਚ ਛੋਟ ਦਿੱਤੀ ਜਾਵੇ ਅਤੇ ਪਹਿਲ ਦੇ ਆਧਾਰ ਉੱਤੇ ਫ਼ਸਲ ਖ਼ਰੀਦੀ ਜਾਵੇ।

ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫ਼ੂਲਕਾ ਨੇ ਕਿਹਾ ਇਸ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਜਾਇਜ਼ਾ ਲੈ ਕੇ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਮੰਡੀਆਂ ਦੇ ਪ੍ਰਬੰਧ ਪੂਰੇ ਕਰਵਾਏ ਜਾਣਗੇ। ਅੱਜ ਹੋਈ ਇਸ ਗੜ੍ਹੇਮਾਰੀ ਅਤੇ ਮੀਂਹ ਨੇ ਜਿੱਥੇ ਕਿਸਾਨਾਂ ਦਾ ਨੁਕਸਾਨ ਤਾਂ ਕੀਤਾ ਹੀ ਹੈ, ਉਥੇ ਇਸ ਨਾਲ ਵਾਢੀ ਦੇ ਕੰਮ ਵੀ ਪ੍ਰਭਾਵਿਤ ਹੋਣਗੇ।

ABOUT THE AUTHOR

...view details