ਬਰਨਾਲਾ: ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਬੀਤੀ ਸਾਰੀ ਰਾਤ ਹੀ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ। ਇਸ ਮੀਂਹ ਨੇ ਜਿੱਥੇ ਕਿਸਾਨਾਂ ਵੱਡੀ ਰਾਹਤ ਦਿੱਤੀ ਹੈ, ਪਰ ਬਰਨਾਲਾ ਸ਼ਹਿਰ ਦੇ ਲੋਕਾਂ ਲਈ ਇਹ ਮੀਂਹ ਆਫ਼ਤ ਬਣ ਕੇ ਹੀ ਆਇਆ ਹੈ।
ਮੀਂਹ ਪੈਣ ਨਾਲ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਪਾਣੀ ਖੜਨ ਕਾਰਨ ਲੋਕਾਂ ਦੇ ਆਉਣ ਜਾਣ ਵਿੱਚ ਵੱਡੀ ਸਮੱਸਿਆ ਖੜ੍ਹੀ ਹੋਈ ਹੈ। ਜਿਸ ਕਰਕੇ ਇਸ ਮੀਂਹ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ। ਉਧਰ ਦੂਜੇ ਪਾਸੇ ਇਸ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਜ਼ਰੂਰ ਖਿੜੇ ਹਨ। ਕਿਉਂਕਿ ਇਹ ਮੀਂਹ ਝੋਨੇ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ।
ਮੀਂਹ ਪੈਣ ਨਾਲ ਸ਼ਹਿਰੀ ਔਖੇ, ਕਿਸਾਨ ਬਾਗੋ-ਬਾਗ਼ ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗਲੀਆਂ ਅਤੇ ਬਾਜ਼ਾਰ ਪੂਰੀ ਤਰਾਂ ਮੀਂਹ ਦੇ ਪਾਣੀ ਕਾਰਨ ਭਰ ਗਏ ਹਨ ਅਤੇ ਸ਼ਹਿਰ ਦੇ ਲੋਕਾਂ ਨੂੰ ਲੰਘਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ। ਸੀਵਰੇਜ ਦੇ ਢੱਕਣ ਖੁੱਲੇ ਪਏ ਹਨ, ਜਿਸ ਕਾਰਨ ਹਾਦਸਾ ਵੀ ਵਾਪਰ ਸਕਦਾ ਹੈ। ਬੰਦ ਪਏ ਸੀਵਰੇਜ ਪ੍ਰਸ਼ਾਸਨ ਦੀ ਬਿਜਾਏ ਲੋਕਾਂ ਵਲੋਂ ਆਪਣੇ ਤੌਰ ’ਤੇ ਖੋਲ੍ਹਿਆ ਗਿਆ ਹੈ।
ਉਧਰ ਇਸ ਸਬੰਧੀ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ ਮੀਂਹ ਦਾ ਫ਼ਸਲਾਂ ਨੂੰ ਕਾਫ਼ੀ ਲਾਭ ਹੋਵੇਗਾ ਜਿਸ ਨਾਲ ਬਿਜਲੀ ਅਤੇ ਪਾਣੀ ਦੀ ਬੱਚਤ ਹੋਵੇਗੀ। ਕਿਉਂਕਿ ਬਰਨਾਲਾ ਜ਼ਿਲ੍ਹੇ ਵਿੱਚ ਅਜੇ ਤੱਕ ਮੀਂਹ ਨਹੀਂ ਪਿਆ ਸੀ। ਜਿਸ ਕਰਕੇ ਇਸ ਮੀਂਹ ਕਾਰਨ ਝੋਨੇ ਸਮੇਤ ਹਰ ਤਰਾਂ ਦੀ ਫ਼ਸਲ ਨੂੰ ਲਾਭ ਹੋਵੇਗਾ।
ਇਸ ਸਬੰਧੀ ਜ਼ਿਲਾ ਖੇਤੀਬਾੜੀ ਅਧਿਕਾਰੀ ਡਾ. ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੀਂਹ ਫ਼ਸਲਾਂ ਲਈ ਬਹੁਤ ਲਾਭਦਾਇਕ ਹੋਵੇਗਾ। ਖ਼ਾਸ ਕਰ ਝੋਨੇ ਦੀ ਫ਼ਸਲ ਨੂੰ ਇਹ ਮੀਂਹ ਘਿਓ ਵਾਂਗ ਲੱਗੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨਾ ਮੀਂਹ ਪਿਆ ਹੈ, ਇਸ ਨਾਲ ਮੱਕੀ, ਝੋਨਾ, ਨਰਮਾ, ਸਬਜ਼ੀਆਂ ਸਾਰੀਆਂ ਹੀ ਫ਼ਸਲਾਂ ਨੂੰ ਲਾਭ ਹੋਵੇਗਾ। ਜੇ ਮੀਂਹ ਇਸ ਤੋਂ ਵੱਧ ਪੈਂਦਾ ਹੈ ਤਾਂ ਮੱਕੀ, ਨਰਮਾ ਅਤੇ ਸਬਜ਼ੀਆਂ ਦੇ ਖੇਤਾਂ ਵਿੱਚ ਪਾਣੀ ਖੜਨ ਨਾ ਦਿੱਤਾ ਜਾਵੇ, ਕਿਉਂਕਿ ਇਨ੍ਹਾਂ ਫ਼ਸਲਾਂ ਦੇ ਖੇਤਾਂ ਵਿੱਚ ਪਾਣੀ ਖੜਦਾ ਹੈ ਤਾਂ ਨੁਕਸਾਨ ਵੀ ਹੋ ਸਕਦਾ ਹੈ।