ਬਰਨਾਲਾ: ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ 'ਚ ਕੰਮ ਕਰ ਰਹੇ ਕੱਚੇ ਸਿਹਤ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਹੜਤਾਲ ਕਰਨ ਵਾਲੇ ਸਿਹਤ ਕਾਮਿਆਂ ਨੂੰ ਟਰਮੀਨੇਟ ਕਰਨ ਸਬੰਧੀ ਇੱਕ ਚਿੱਠੀ ਜਾਰੀ ਕੀਤੀ ਗਈ। ਜਿਸ ਤੋਂ ਬਾਅਦ ਰੋਸ 'ਚ ਆਏ ਕੱਚੇ ਸਿਹਤ ਕਾਮਿਆਂ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੀ ਅਰਥੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਸਿਹਤ ਕਾਮਿਆਂ ਨੇ ਕਿਹਾ ਕਿ ਉਹ ਸਰਕਾਰ ਦੀ ਟਰਮੀਨੇਟ ਕਰਨ ਵਾਲੀ ਚਿੱਠੀ ਤੋਂ ਡਰਨ ਵਾਲੇ ਨਹੀਂ, ਪਰ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਪਣੀ ਹੜਤਾਲ ਕੁਝ ਸਮੇਂ ਲਈ ਰੋਕ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਮੰਗਾਂ ਪੂਰੀਆਂ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਸਿਹਤ ਕਾਮਿਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਰਾਹੀਂ ਨੌਕਰੀ ਕਰ ਰਹੇ ਹਨ। ਪਿਛਲੇ ਇੱਕ ਸਾਲ ਤੋਂ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਆਪਣੀ ਜਾਨ ਖਤਰੇ 'ਚ ਪਾ ਕੇ ਉਨ੍ਹਾਂ ਵੱਲੋਂ ਤਨਦੇਹੀ ਨਾਲ ਸੇਵਾ ਨਿਭਾਈ ਗਈ ਹੈ। ਪੰਜਾਬ ਸਰਕਾਰ ਨੇ ਚੋਣਾਂ ਮੌਕੇ ਅਤੇ ਪਿਛਲੇ ਸਾਲ ਕੋਰੋਨਾ ਦੌਰ 'ਚ ਉਨ੍ਹਾਂ ਨੂੰ ਸਿਹਤ ਵਿਭਾਗ ਵਿੱਚ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਜਿਸ ਕਰਕੇ ਉਹ ਲਗਾਤਾਰ ਚਾਰ ਮਈ ਤੋਂ ਹੜਤਾਲ 'ਤੇ ਹਨ।