ਬਰਨਾਲਾ:ਸਿਹਤ ਵਿਭਾਗ ਅਧੀਨ ਚੱਲ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ (Lifetime India Comprehensive Health Insurance Scheme) ਦਾ ਲਾਭ ਹਰ ਯੋਗ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਉਣ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ।
ਇਸ ਮੌਕੇ ਉਨਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ (Comprehensive health insurance plan) ਅਧੀਨ ਸਿਵਲ ਹਸਪਤਾਲ ਬਰਨਾਲਾ (Hospital Barnala) ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ 'ਤੇ ਅਗਸਤ ਮਹੀਨੇ 'ਚ ਸਿਵਲ ਹਸਪਤਾਲ ਬਰਨਾਲਾ ਸੂਬੇ ਦੇ ਸਾਰੇ ਹਸਪਤਾਲਾਂ ’ਚੋਂ ਮੋਹਰੀ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਸਿਵਲ ਹਸਪਤਾਲ ਬਰਨਾਲਾ ਵਿੱਚ 599 ਮਰੀਜ਼ਾਂ ਦਾ 43 ਲੱਖ ਰੁਪਏ ਤੋਂ ਵੱਧ ਦਾ ਇਲਾਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਕੀਤਾ ਗਿਆ।
ਇਸ ਮਹੀਨੇ ਦੌਰਾਨ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 974 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਜਦੋਂਕਿ ਪ੍ਰਾਈਵੇਟ ਹਸਪਤਾਲਾਂ ਨੇ 134 ਮਰੀਜ਼ਾਂ ਦਾ ਸਕੀਮ ਅਧੀਨ ਮੁਫ਼ਤ ਇਲਾਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਸਕੀਮ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕੁੱਲ 15077 ਮਰੀਜ਼ਾਂ ਦਾ 10 ਕਰੋੜ 82 ਲੱਖ ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1737 ਮਰੀਜ਼ਾਂ ਦਾ 3 ਕਰੋੜ 65 ਲੱਖ ਰੁਪਏ ਦਾ ਇਲਾਜ ਕੀਤਾ ਗਿਆ ਹੈ।