ਬਰਨਾਲਾ: ਸ਼ਹਿਰ ਦੇ ਧਨੌਲਾ ਰੋਡ ’ਤੇ ਇੱਕ ਨਵਜੰਮੇ ਬੱਚੇ ਦਾ ਸਿਰ ਮਿਲਣ ਨਾਲ ਸਨਸਨੀ ਫ਼ੈਲ ਗਈ। ਨਵਜੰਮੇ ਬੱਚੇ ਦਾ ਸਿਰ ਸੜਕ ਦੇ ਡਿਵਾਈਡਰ ’ਤੇ ਪਿਆ ਸੀ ਅਤੇ ਇਸ ਸਿਰ ਨੂੰ ਕੀੜੇ-ਮਕੌੜੇ ਖਾ ਰਹੇ ਸਨ।
ਘਟਨਾ ਸਥਾਨ ਦੇ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਕਾਗਜ਼ ਇਕੱਠੇ ਕਰਨ ਵਾਲੇ ਬੱਚੇ ਇਸ ਸਿਰ ਦੇ ਨੇੜੇ ਖੜੇ ਸਨ। ਜਦੋਂ ਉਹਨਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਇੱਕ ਨਵਜੰਮੇ ਬੱਚੇ ਦਾ ਸਿਰ ਹੈ।
ਬਰਨਾਲਾ ਦੇ ਧਨੌਲਾ ਰੋਡ 'ਤੇ ਮਿਲਿਆ ਨਵਜੰਮੇ ਬੱਚੇ ਦਾ ਸਿਰ, ਪੁਲਿਸ ਲੱਗੀ ਜਾਂਚ 'ਚ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਇਸ ਨਵਜੰਮੇ ਬੱਚੇ ਦੇ ਸਿਰ ਨੂੰ ਚੁੱਕਿਆ ਗਿਆ ਅਤੇ ਇਸ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਨੌਲਾ ਰੋਡ ਦੇ ਦੁਕਾਨਦਾਰਾਂ ਸਤਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਗਜ਼ ਚੁਗਣ ਵਾਲੇ ਬੱਚੇ ਸੜਕ ਦੇ ਡਿਵਾਈਡਰ ’ਤੇ ਖੜੇ ਕੁੱਝ ਦੇਖ ਰਹੇ ਸਨ। ਜਿਸ ਤੋਂ ਬਾਅਦ ਉਹ ਵੀ ਦੇਖਣ ਗਏ ਤਾਂ ਉਥੇ ਇੱਕ ਬੱਚੇ ਦਾ ਸਿਰ ਪਿਆ ਸੀ। ਪਹਿਲਾਂ ਤਾਂ ਇਹ ਸਿਰ ਕਿਸੇ ਜਾਨਵਰ ਦੇ ਬੱਚੇ ਦਾ ਸਿਰ ਲੱਗਿਆ, ਪਰ ਗੌਰ ਨਾਲ ਦੇਖਣ ’ਤੇ ਪਤਾ ਲੱਗਿਆ ਕਿ ਇਹ ਕਿਸੇ ਇਨਸਾਨ ਦੇ ਨਵਜੰਮੇ ਬੱਚੇ ਦਾ ਹੈ। ਉਨ੍ਹਾਂ ਕਿਹਾ ਕਿ ਦੇਖਣ ਤੋਂ ਲੱਗ ਰਿਹਾ ਹੈ ਕਿ ਕਿਸੇ ਨਵਜੰਮੇ ਬੱਚੇ ਦਾ ਸਿਰ ਹੈ।
ਇਸ ਸਬੰਧੀ ਬਰਨਾਲਾ ਸਿਟੀ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਇੱਕ ਰਾਹਗੀਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ ਕਿ ਸੜਕ ਦੇ ਡਿਵਾਈਡਰ ’ਤੇ ਇੱਕ ਨਵਜੰਮੇ ਬੱਚੇ ਦਾ ਸਿਰ ਪਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਿਰ ਨੂੰ ਕਬਜ਼ੇ ਵਿੱਚ ਲਿਆ ਹੈ ਅਤੇ ਉਸ ਦੇ ਬਾਕੀ ਧੜ ਦੀ ਭਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਸਿਰ ਦਾ ਪੋਸਟਮਾਰਟਮ ਪਟਿਆਲਾ ਤੋਂ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬੱਚੇ ਦੀ ਉਮਰ ਅਤੇ ਲਿੰਗ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।