ਬਰਨਾਲਾ: ਪੰਥ ਪ੍ਰਸਿੱਧ ਕਥਾਵਾਚਕ ਤੇ ਦਰਬਾਰ-ਏ-ਖ਼ਾਲਸਾ ਜਥੇਬੰਦੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਭਾਈ ਅਮਰੀਕ ਸਿੰਘ ਅਜਨਾਲਾ ਦੇ ਮਾਮਲੇ 'ਤੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਪੰਥ ਦੇ ਜ਼ਰੂਰੀ ਮਸਲਿਆਂ ਨੂੰ ਕੀਤਾ ਜਾਵੇ ਹੱਲ
ਭਾਈ ਮਾਝੀ ਨੇ ਕਿਹਾ ਕਿ ਇਸ ਵਿਵਾਦ ਦੀ ਮੂਲ ਜੜ੍ਹ ਹਉਮੇ ਹੰਕਾਰ ਹੈ, ਜੋ ਦੋਵਾਂ ਧਿਰਾਂ ਨੂੰ ਆਪਸ ਵਿੱਚ ਲੜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੇ ਪਹਿਲਾਂ ਵਾਲੇ ਹੋਰ ਬਹੁਤ ਮਸਲੇ ਪਏ ਹੋਏ ਹਨ, ਉਨ੍ਹਾਂ ਨੂੰ ਹੱਲ ਕਰਨ ਦੀ ਥਾਂ ਦੋਵੇਂ ਧਿਰਾਂ ਆਪਸ ਵਿੱਚ ਲੜ ਰਹੀਆਂ ਹਨ। ਉਨਾਂ ਕਿਹਾ ਕਿ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੌਕੇ ਭਾਈ ਢੱਡਰੀਆਂ ਵਾਲੇ ਤੇ ਭਾਈ ਅਜਨਾਲਾ ਦੋਵੇਂ ਇਕੱਠੇ ਸਨ, ਪਰ ਅੱਜ ਅਲੱਗ ਹੋ ਗਏ ਹਨ।
ਭਾਈ ਮਾਝੀ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਸਟਰ ਮਾਈਂਡ ਨੂੰ ਅਸੀਂ ਸਜ਼ਾ ਨਹੀਂ ਦਵਾ ਸਕੇ, ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਵਰਗੇ ਅਹਿਮ ਮਸਲੇ ਵਿੱਚ ਵਿਚਾਲੇ ਲਟਕ ਰਹੇ ਹਨ। ਪਰ ਇਹ ਦੋਵੇਂ ਧਿਰਾਂ ਇਨ੍ਹਾਂ ਮਸਲਿਆਂ 'ਤੇ ਗੱਲ ਕਰਨ ਦੀ ਥਾਂ ਆਪਸ ਵਿੱਚ ਲੜ ਰਹੀਆਂ ਹਨ, ਜੋ ਗ਼ਲਤ ਹੈ।
ਜ਼ਮੀਨੀ ਪੱਧਰ ਦੇ ਮਸਲਿਆਂ ਬਾਰੇ ਕਰਨ ਚਾਹੀਦਾ ਪ੍ਰਚਾਰ
ਜ਼ਮੀਨੀ ਪੱਧਰ ਦੇ ਮਸਲੇ ਪੰਜਾਬ ਦੇ ਦੂਸ਼ਿਤ ਹੋ ਹਵਾ ਅਤੇ ਪਾਣੀ ਵਾਲੇ ਹਨ, ਜਿਸ 'ਤੇ ਸਾਨੂੰ ਪ੍ਰਚਾਰਕਾਂ ਨੂੰ ਬੋਲਣਾ ਚਾਹੀਦਾ ਹੈ। ਪਰ ਲੜਾਈ ਹਲਕੇ ਪੱਧਰ ਦੇ ਵਿਵਾਦਾਂ 'ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੀਵਾਨ ਲਾਉਣ ਤੇ ਬੰਦ ਕਰਾਉਣ ਲਈ ਲੜ ਰਹੀਆਂ ਹਨ। ਜੇਕਰ ਦੀਵਾਨ ਲੱਗਣ ਨਾਲ ਨਾ ਤਾਂ ਕੋਈ ਬਹੁਤਾ ਨੁਕਸਾਨ ਹੋਣ ਵਾਲਾ ਹੈ, ਤੇ ਦੀਵਾਨ ਲੱਗਣ ਨਾਲ ਕੋਈ ਬਹੁਤਾ ਪੰਥ ਦਾ ਫਾਇਦਾ ਨਹੀਂ ਹੋਣ ਵਾਲਾ, ਕਿਉਂਕਿ ਹੁਣ ਤਾਂ ਅਨੇਕਾਂ ਦੀਵਾਨ ਰੋਜਾਨਾ ਲੱਗ ਹੀ ਰਹੇ ਹਨ।
ਇਹ ਫ਼ਜੂਲ ਦੇ ਮਸਲੇ ਹਨ, ਜਿਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਭਾਈ ਮਾਝੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ 5 ਮੈਂਬਰੀ ਕਮੇਟੀ ਨਾਲ ਭਾਈ ਢੱਡਰੀਆਂ ਵਾਲਿਆਂ ਨੂੰ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ। ਹਰ ਮਸਲੇ ਦਾ ਹੱਲ ਮਿਲ ਬੈਠ ਕੇ ਹੀ ਹੁੰਦਾ ਹੈ। ਮਾਝੀ ਨੇ ਕਿਹਾ ਕਿ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਉਨ੍ਹਾਂ 'ਤੇ ਕੀਤੇ ਹਮਲੇ ਲਈ ਲਾਈ ਗਈ ਛਬੀਲ ਨੂੰ ਗ਼ਲਤ ਠਹਿਰਾਉਣ ਦਾ ਬਿਆਨ ਦੇਣ ਦੀ ਸ਼ਰਤ ਰੱਖੀ ਹੈ, ਜਿਸ 'ਤੇ ਜਥੇਦਾਰ ਸਾਬ੍ਹ ਨੂੰ ਇਹ ਬਿਆਨ ਦੇ ਦੇਣਾ ਚਾਹੀਦਾ ਹੈ।