ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਹੁਣ ਤੱਕ 11 ਲੱਖ ਨੌਕਰੀਆਂ ਦਿੱਤੇ ਜਾਣ ਦਾ ਦਾਅਵਾ ਕਰ ਰਹੇ ਹਨ ਪਰ ਇਸ ਦਾਅਵੇ ਦੀ ਹਕੀਕਤ ਕੀ ਹੈ, ਇਸ ਦਾ ਖ਼ੁਲਾਸਾ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰਾਂ ਤੋਂ ਹੋ ਗਿਆ ਹੈ। ਬਰਨਾਲਾ 'ਚ ਉਚੇਰੀ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੂੰ ਆਪਣੀ ਗੱਡੀ ਆਪਣਾ ਰੁਜ਼ਗਾਰ ਤਹਿਤ ਈ-ਰਿਕਸ਼ਾ ਚਲਾਉਣ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ ਬੇਰੁਜ਼ਗਾਰ ਨੌਜਵਾਨਾਂ ਨੇ ਆਪਣੇ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ ਹੈ।
ਭੱਦਾ ਮਜ਼ਾਕ: ਪੀਐਚਡੀ ਦੇ ਵਿਦਿਆਰਥੀਆਂ ਨੂੰ ਈ-ਰਿਕਸ਼ਾ ਚਲਾਉਣ ਦੀ ਪੇਸ਼ਕਸ਼ - govt offers high educated youth to run e-rickshaw
ਪੰਜਾਬ 'ਚ ਸੂਬਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂਅ 'ਤੇ ਭੱਦਾ ਮਜ਼ਾਕ ਕਰ ਰਹੀ ਹੈ। ਬਰਨਾਲਾ 'ਚ ਚੰਗੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਈ-ਰਿਕਸ਼ਾ ਚਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਪੇਸ਼ਕਸ਼ ਤੋਂ ਬਾਅਦ ਨੌਜਵਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇੱਕ ਸਾਲ ਪਹਿਲਾਂ ਉਹਨਾਂ ਨੇ ਨੌਕਰੀ ਲਈ ਘਰ-ਘਰ ਰੁਜ਼ਗਾਰ ਸਕੀਮ ਵਿੱਚ ਯੋਗਤਾ ਅਨੁਸਾਰ ਫਾਰਮ ਭਰਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਲਿਖਿਆ ਗਿਆ ਸੀ ਕਿ ਜੇ ਤੁਸੀਂ ਈ-ਰਿਕਸ਼ਾ ਚਾਲਕ ਬਣਨ ਲਈ ਤਿਆਰ ਹੋ, ਤਾਂ ਪੰਜਾਬ ਸਰਕਾਰ ਤੁਹਾਡੀ ਮਦਦ ਕਰੇਗੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਲੱਖਾਂ ਰੁਪਏ ਅਤੇ ਸਾਲਾਂ ਦੀਆਂ ਸਖ਼ਤ ਮਿਹਨਤ ਕਰਕੇ ਵੱਡੀਆਂ ਡਿਗਰੀਆਂ ਈ ਰਿਕਸ਼ਾ ਚਲਾਉਣ ਲਈ ਨਹੀਂ ਲਈਆਂ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਯੋਗਤਾ ਅਨੁਸਾਰ ਨੌਕਰੀ ਨਹੀਂ ਦਿੱਤੀ ਤਾਂ ਸਾਰੇ ਬੇਰੁਜ਼ਗਾਰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮਾਮਲੇ 'ਤੇ ਬੇਰੁਜ਼ਗਾਰ ਨੌਜਵਾਨਾਂ ਦੇ ਮਾਪਿਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਸਰਕਾਰ ਰੁਜ਼ਗਾਰ ਮੇਲੇ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਭੱਦਾ ਮਜ਼ਾਕ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਈ-ਰਿਕਸ਼ਾ ਚਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ 'ਚੋਂ ਬੈਚਲਰ, ਮਾਸਟਰ ਡਿਗਰੀ, ਟੈੱਟ ਪਾਸ ਤੇ ਪੀਐਚਡੀ ਦੇ ਵਿਦਿਆਰਥੀ ਸ਼ਾਮਲ ਹਨ।