ਸਕੂਲ ਹੈੱਡਮਾਸਟਰ ਰੋਬਿਨ ਗੁਪਤਾ ਜਾਣਕਾਰੀ ਦਿੰਦੇ ਹੋਏ ਬਰਨਾਲਾ/ਭਦੌੜ: ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਦੇ ਸਰਕਾਰੀ ਸਕੂਲ ਉੱਪਲੀ ਨੂੰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਸੂਬਾ ਪੱਧਰੀ ਸਮਾਗਮ ਦੌਰਾਨ 'ਉੱਤਮ ਸਕੂਲ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਸਕੂਲ ਹੈੱਡਮਾਸਟਰ ਰੌਬਿਨ ਗੁਪਤਾ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਵਲੋਂ ਸਕੂਲ ਹੈੱਡਮਾਸਟਰ ਅਤੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ। (Barnala School News)
ਮੀਂਹ ਦਾ ਪਾਣੀ ਵਿਗਿਆਨਿਕ ਤਰੀਕੇ ਨਾਲ ਧਰਤੀ ਹੇਠ ਜਾਂਦਾ:ਰੌਬਿਨ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਪਤ ਗ੍ਰਾਂਟਾਂ ਦੇ ਨਾਲ-ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਦਾ ਪ੍ਰਬੰਧ ਅਤੇ ਤਰਲ ਕੂੜਾ ਪ੍ਰਬੰਧਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਹੈਡਮਾਸਟਰ ਰੋਬਿਨ ਗੁਪਤਾ ਨੇ ਦੱਸਿਆ ਕਿ ਸਕੂਲ ਦੇ ਵਿੱਚ ਮੀਂਹ ਦੇ ਪਾਣੀ ਨੂੰ ਵਿਗਿਆਨਿਕ ਤਰੀਕੇ ਨਾਲ ਧਰਤੀ ਹੇਠ ਪਹੁੰਚਾਉਣ ਦਾ ਪ੍ਰੋਜੈਕਟ ਲੱਗਿਆ ਹੋਇਆ ਹੈ।
ਬੱਚਿਆਂ ਨੂੰ ਸਾਫ਼ ਸੁਥਰਾ ਮਾਹੌਲ: ਇਸ ਦੇ ਇਲਾਵਾ ਸਕੂਲ ਦੇ ਵਿੱਚ ਵੱਡੇ ਪੱਧਰ 'ਤੇ ਦਰੱਖ਼ਤ ਲਗਾਏ ਗਏ ਹਨ ਅਤੇ ਉਹਨਾਂ ਦੇ ਵਿੱਚ ਕੁਦਰਤੀ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਵੀ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਸਕੂਲ ਵਿੱਚ ਕੁੜੀਆਂ ਅਤੇ ਮੁੰਡਿਆਂ ਲਈ ਅਲੱਗ-ਅਲੱਗ ਬਾਥਰੂਮ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸਫਾਈ ਵਿਵਸਥਾ 'ਤੇ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਸਕੂਲ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਹਨ ਸਾਰਿਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ਼ ਗਿਆਨ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਸਕੂਲ ਦਾ ਮਿਹਨਤੀ ਸਟਾਫ਼: ਸਕੂਲ ਹੈੱਡਮਾਸਟਰ ਰੌਬਿਨ ਗੁਪਤਾ ਨੇ ਦੱਸਿਆ ਕਿ ਸਕੂਲ ਵਿੱਚ ਕੂੜਾ ਪ੍ਰਬੰਧਨ ਵੀ ਚੰਗੇ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਇਹ ਸਾਰੇ ਗੁਣ ਬੱਚੇ ਘਰ ਜਾ ਕੇ ਵੀ ਲਾਗੂ ਕਰਦੇ ਹਨ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਸਰਕਾਰ ਵੱਲੋਂ ਜੋ ਵੀ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ, ਉਸ ਦੇ ਨਾਲ ਸਕੂਲ ਦੀ ਨੁਹਾਰ ਲਗਾਤਾਰ ਬਦਲੀ ਜਾ ਰਹੀ ਹੈ। ਸਕੂਲ ਵਿੱਚ ਬੱਚਿਆਂ ਦੇ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਪ੍ਰਬੰਧ ਕਰਨ ਲਈ ਵੀ ਯਤਨ ਕੀਤੇ ਗਏ ਹਨ। ਸਕੂਲ ਦਾ ਪੂਰਾ ਸਟਾਫ ਇਸ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਜਿਸਦੇ ਚੱਲਦਿਆਂ ਸਕੂਲ ਨੂੰ ਸਰਕਾਰ ਵੱਲੋਂ ਇਹ ਸਨਮਾਨ ਪ੍ਰਾਪਤ ਹੋਣ ਵਿੱਚ ਮਦਦ ਮਿਲੀ ਹੈ।