ਬਰਨਾਲਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੇ ਜਾਣ ਅਤੇ ਮਿਲਣ ਵਾਲੇ ਲਾਭ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਚਲਦੇ ਜ਼ਿਲ੍ਹੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਵੱਲੋਂ ਖ਼ਜ਼ਾਨਾ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ।ਧਰਨੇ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਸੂਬੇ ਦੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਪੀਡਬਲਯੂਡੀ ਦੇ ਅਧੀਨ ਆਉਂਦੇ ਸਾਰੇ ਹੀ ਵਿਭਾਗਾਂ ਵਾਟਰ ਸਪਲਾਈ , ਨਹਿਰੀ ਵਿਭਾਗ, ਪੰਚਾਇਤੀ ਵਿਭਾਗ, ਸਿੰਚਾਈ ਵਿਭਾਗ, ਅਤੇ ਹੋਰ ਕਈ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਤਨਖਾਹਾਂ, ਪੈਨਸ਼ਨ, ਮੈਡੀਕਲ, ਜੀਪੀਐੱਸ, ਡੀਏ ਲਾਭ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀਆਂ ਮੰਗਾਂ ਨੂੰ ਲੈ ਕੇ ਰੋਸ ਦੇ ਚੱਲਦੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ।
ਤਨਖਾਹਾਂ ਤੋਂ ਵਾਂਝੇ ਸਰਕਾਰੀ ਮੁਲਾਜ਼ਮ ਇਸ ਮੌਕੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਹਿ ਕੇ ਮੁਲਾਜ਼ਮਾਂ ਦੇ ਸਾਰੇ ਲਾਭ ਰੋਕ ਰਹੀ। ਅਜਿਹਾ ਕਰਨਾ ਪੰਜਾਬ ਸਰਕਾਰ ਵੱਲੋਂ ਸ਼ਰੇਆਮ ਧੱਕਾ ਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਖ਼ਜਾਨਾ ਖਾਲ੍ਹੀ ਨਹੀਂ ਹੈ।
ਹੋਰ ਪੜ੍ਹੋ: ਤਨਖ਼ਾਹਾਂ ਨਾ ਮਿਲਣ 'ਤੇ ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਸਣੇ ਆਪਣੀ ਐਸ਼ੋ ਆਰਾਮ ਲਈ ਖਰਚਾ ਕਰਕੇ ਪੰਜਾਬ ਦਾ ਖਜ਼ਾਨਾ ਖਾਲੀ ਕਰ ਰਹੇ ਹਨ। ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੇਲੇ ਖਜ਼ਾਨਾ ਖਾਲੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖ਼ਜਾਨਾ ਮੁਲਾਜ਼ਮਾਂ ਨੇ ਖ਼ਤਮ ਨਹੀਂ ਕੀਤਾ, ਪਰ ਇਸ ਦੀ ਸਜ਼ਾ ਪੰਜਾਬ ਦੀ ਜਨਤਾ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਘਰ ਦੇ ਖ਼ਰਚੇ ਅਤੇ ਬੱਚਿਆਂ ਲਈ ਜ਼ਰੂਰੀ ਚੀਜਾਂ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦਾ ਰਵੱਈਆ ਨਾ ਬਦਲਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ 8 ਦਸੰਬਰ ਨੂੰ ਪੰਜਾਬ ਪੱਧਰੀ ਮੀਟਿੰਗ ਵਿੱਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।