ਬਰਨਾਲਾ:ਪੰਜਾਬ ਵਿੱਚ ਕਣਕ ਦੀ ਫ਼ਸਲ (Wheat crop in Punjab) ਦਾ ਸੀਜ਼ਨ ਜਾਰੀ ਹੈ। ਇਸ ਦਰਮਿਆਨ ਜਿੱਥੇ ਇਸ ਵਾਰ ਗਰਮੀ ਜ਼ਿਆਦਾ ਪੈਣ ਕਾਰਨ ਕਿਸਾਨਾਂ (Farmers) ਨੂੰ ਝਾੜ ਘੱਟ ਨਿਕਲਣ ਕਾਰਨ ਪ੍ਰੇਸ਼ਾਨੀ ਹੈ। ਉੱਥੇ ਕੇਂਦਰ ਸਰਕਾਰ (Central Government) ਦੇ ਨਵੇਂ ਫ਼ੈਸਲੇ ਨੇ ਕਿਸਾਨਾਂ (Farmers) ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।
ਬੀਤੇ ਕੱਲ੍ਹ ਸ਼ਾਮ ਤੋਂ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਖਰੀਦ ਏਜੰਸੀਆਂ ਨੇ ਕਣਕ ਦੀ ਖਰੀਦ ਬੰਦ ਕਰ ਦਿੱਤੀ ਹੈ। ਇਸ ਦਾ ਕਾਰਨ ਕਣਕ ਦੇ ਦਾਣੇ ਦੀ ਟੁੱਟ ਜਾਂ ਬਾਰੀਕੀ ਦੱਸਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਪਿੰਡਾਂ ਦੀਆਂ ਦਾਣਾ ਮੰਡੀਆਂ ਵਿਚ ਕਿਸਾਨਾਂ ਵਿਚ ਭਾਰੀ ਰੋਸ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ (Cheema village in Barnala district) ਦੀ ਦਾਣਾ ਮੰਡੀ ਵਿੱਚ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਗਰਮੀ ਵੱਧ ਪੈਣ ਕਾਰਨ ਕੁਦਰਤ ਦੀ ਮਾਰ ਪਹਿਲਾਂ ਹੀ ਕਿਸਾਨਾਂ ਉੱਪਰ ਪੈ ਚੁੱਕੀ ਹੈ। ਗਰਮੀ ਵੱਧ ਪੈਣ ਕਾਰਨ ਕਣਕ ਦਾ ਝਾੜ ਪਹਿਲਾਂ ਨਾਲੋਂ ਅੱਧਾ ਰਹਿ ਗਿਆ ਹੈ। ਜਿਸ ਕਰਕੇ ਕਿਸਾਨਾਂ ਦੀ ਆਮਦਨ ਵਧਣ ਦੀ ਥਾਂ ਘਟ ਗਈ ਹੈ। ਕਿਸਾਨ ਇਸ ਵਾਰ ਸਰਕਾਰ ਤੋਂ ਬੋਨਸ ਜਾਂ ਮੁਆਵਜ਼ੇ ਦੀ ਝਾਕ ਰੱਖ ਰਹੇ ਹਨ, ਪਰ ਕੇਂਦਰ ਸਰਕਾਰ (Central Government) ਨੇ ਤਾਂ ਮੰਡੀਆਂ ਵਿੱਚ ਆਈ ਫ਼ਸਲ ਦੀ ਵੀ ਖ਼ਰੀਦ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ। ਜਿਸ ਤੋਂ ਕੇਂਦਰ ਅਤੇ ਪੰਜਾਬ ਸਰਕਾਰ (Central and Punjab Government) ਦੀ ਕਿਸਾਨ ਵਿਰੋਧੀ ਨੀਤੀ ਸਪਸ਼ਟ ਝਲਕਦੀ ਹੈ।