ਬਰਨਾਲਾ: ਦਾਜ ਦੇ ਲਾਲਚੀਆਂ ਨੇ ਇੱਕ ਹੋਰ ਨਵ-ਵਿਆਹੁਤਾ ਔਰਤ ਦੀ ਬਲੀ ਲਈ। ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਰਹਿਣ ਵਾਲੀ 26 ਸਾਲ ਦੀ ਵਿਆਹੁਤਾ ਅਮਨਦੀਪ ਕੌਰ ਆਪਣੀ ਜ਼ਿੰਦਗੀ ਦੇ ਨਵੇਂ ਸੁਪਨੇ ਲੈ ਕੇ ਵਿਆਹ ਕਰਵਾ ਕੇ ਸਹੁਰੇ ਘਰ ਪਹੁੰਚੀ ਸੀ। ਪਰ, ਉਸ ਕੀ ਪਤਾ ਸੀ ਕਿ ਉਸ ਦਾ ਸਹੁਰਾ ਪਰਿਵਾਰ ਦਾਜ ਦਾ ਲਾਲਚੀ ਨਿਕਲੇਗਾ ਅਤੇ ਦਾਜ ਤੋਂ ਤੰਗ ਆ ਕੇ ਉਸਨੂੰ ਆਪਣੀ ਜਾਨ ਦੇਣੀ ਪਵੇਗੀ।
ਮ੍ਰਿਤਕ ਨਾਲ ਕੁੱਟਮਾਰ ਤੇ ਦਾਜ ਮੰਗਣ ਦੇ ਦੋਸ਼: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਮਨਦੀਪ ਦਾ ਸਹੁਰਾ ਪਰਿਵਾਰ ਹਰ ਰੋਜ਼ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਦਾਜ ਅਤੇ ਪੈਸਿਆਂ ਦੀ ਮੰਗ ਕਰਦਾ ਸੀ। ਇਸ ਕਾਰਨ ਸ਼ੁਕਰਵਾਰ ਨੂੰ ਅਮਨਦੀਪ ਕੌਰ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਹੁਰੇ ਵਾਲੇ ਉਸ ਤੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ।
ਦਾਜ ਦੀ ਬਲੀ ਚੜ੍ਹੀ ਨਵ-ਵਿਆਹੁਤਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਲੜਕੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੀ ਸੱਸ, ਦਰਾਣੀ-ਜਠਾਣੀ ਵੱਲੋਂ ਤੰਗ ਕੀਤਾ ਜਾ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਮੇਰੀ ਭੈਣ ਦਾ ਗਲਾ ਘੁੱਟ ਕੇ ਮਾਰਿਆ ਗਿਆ ਹੈ। ਉਸ ਨੇ ਦੱਸਿਆ ਕਿ ਲੜਕੀ ਦੇ ਪਤੀ ਨੂੰ ਵਿਦੇਸ਼ ਭੇਜਣ ਲਈ ਪੈਸੇ ਵੀ ਖ਼ਰਚ ਕੀਤੇ ਸਨ ਅਤੇ ਹੁਣ ਤਾਜ਼ਾ 400000 ਰੁਪਏ ਦੀ ਵੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।
ਮਾਮਲੇ ਦੀ ਜਾਂਚ ਜਾਰੀ:ਪੁਲਿਸ ਪ੍ਰਸਾਸ਼ਨ ਵਲੋਂ ਘਟਨਾ ਦੀ ਜਾਂਚ ਕਰ ਰਹੇ ਡਿਊਟੀ ਅਫਸਰ ਐਸਐਚਓ ਗੁਰਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੇ ਸਹੁਰੇ ਖਿਲਾਫ਼ ਧਾਰਾ 306,120 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਗਰੀਬ ਪਰਿਵਾਰ ਨੇ ਲੜਕੀ ਦੇ ਵਿਆਹ ਲਈ ਆਰਥਿਕ ਮਦਦ ਦੀ ਲਗਾਈ ਗੁਹਾਰ