ਬਰਨਾਲਾ: ਐਡਵੋਕੇਟ ਚੇਤਨ ਸ਼ਰਮਾ ਪ੍ਰੈਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਦੀ ਪਲੇਠੀ ਪੁਸਤਕ 'ਜ਼ਿੰਦਗੀ ਆਈ ਲਵ ਯੂ, ਤੇਰੀ ਮੇਰੀ ਦਾਸਤਾਨ' ਦਾ ਲੋਕ ਅਰਪਣ ਸਮਾਗਮ ਬਰਨਾਲਾ ਕਲੱਬ ਵਿੱਚ ਰੱਖਿਆ ਗਿਆ। ਇਸ ਮੌਕੇ ਜ਼ਿਲ੍ਹੇ ਦੀਆਂ ਰਾਜਨੀਤਕ, ਸਮਾਜਿਕ ਅਤੇ ਪ੍ਰਸ਼ਾਸ਼ਨਿਕ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੁਸਤਕ ਦਾ ਲੋਕ ਅਰਪਣ ਕੀਤਾ।
ਹੋਰ ਪੜ੍ਹੋ: ਲੌਂਗੋਵਾਲ ਨੇ ਈਟੀਵੀ ਭਾਰਤ ਦੇ ਦਵਾਈਆਂ ਦੇ ਲੰਗਰ ਦੀ ਕੀਤੀ ਸ਼ਲਾਘਾ
ਇਸ ਮੌਕੇ ਮੁੱਖ ਮਹਿਮਾਨ ਕੇਵਲ ਸਿੰਘ ਢਿੱਲੋਂ ਨੇ ਚੇਤਨ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਮਨੁੱਖ ਦੀ ਜ਼ਿੰਦਗੀ ਅਤੇ ਸੋਚ 'ਤੇ ਲਿਖੀ ਗਈ ਹੈ। ਪਾਜ਼ੀਟਿਵ ਸੋਚ ਇਸ ਕਿਤਾਬ ਦਾ ਮੁੱਖ ਵਿਸ਼ਾ ਹੈ। ਹਰ ਵਿਅਕਤੀ ਨੂੰ ਆਪਣੀ ਸੋਚ ਸਾਕਾਰਤਮਕ ਅਤੇ ਉੱਚੀ ਰੱਖਣੀ ਚਾਹੀਦੀ ਹੈ। ਉੱਚੀ ਸੋਚ ਅਤੇ ਪਾਜ਼ੀਟਿਵ ਸੋਚ ਨਾਲ ਵਿਅਕਤੀ ਬਹੁਤ ਵੱਡੇ ਮੁਕਾਮ ਹਾਸਲ ਕਰ ਸਕਦਾ ਹੈ।
ਇਸ ਮੌਕੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਭੱਜਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਆਪਣੇ ਆਪ ਤੋਂ ਦੂਰ ਚਲਾ ਗਿਆ ਹੈ। ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਮਨੁੱਖ ਆਪਣੇ ਆਪ ਨੂੰ ਜਾਣ ਸਕਦਾ ਹੈ। ਇਸ ਦੇ ਨਾਲ ਹੀ ਚੇਤਨ ਸ਼ਰਮਾ ਨੇ ਕਿਹਾ ਕਿ ਮਨੁੱਖ ਜੇਕਰ ਆਪਣੀਆਂ ਛੋਟੀਆਂ-ਛੋਟੀਆਂ ਆਦਤਾਂ ਨੂੰ ਬਦਲ ਲਵੇ ਤਾਂ ਉਸਦੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਆ ਸਕਦੇ ਹਨ। ਸਮੇਂ ਦੀ ਬੱਚਤ ਆਮ ਲੋਕਾਂ ਨਾਲ ਸਬੰਧ ਅਤੇ ਅਜਿਹੀਆਂ ਹੋਰ ਆਦਤਾਂ ਬਦਲ ਕੇ ਅਸੀਂ ਬੁਲੰਦੀਆਂ ਛੋਹ ਸਕਦੇ ਹਾਂ। ਮੇਰੀ ਇਹ ਪਲੇਠੀ ਕਿਤਾਬ ਇਸੇ ਵਿਸ਼ੇ 'ਤੇ ਆਧਾਰਤ ਹੈ।
ਹੋਰ ਪੜ੍ਹੋ: ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ, ਕਾਂਗਰਸੀ ਵਿਧਾਇਕ ਬਣੇ ਰੇਤ ਮਾਫੀਆ: ਸੁਖਬੀਰ ਬਾਦਲ
ਇਸ ਮੌਕੇ ਡਾ.ਹਰੀਸ਼ ਸ਼ਰਮਾ, ਡਾ.ਰਾਹੁਲ ਰੁਪਾਲ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਲੂਬੀ ਨੇ ਵੀ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੈਸ ਕਲੱਬ ਦੇ ਪ੍ਰਧਾਨ ਰਜਿੰਦਰ ਬਰਾੜ ਵੱਲੋਂ ਸਮਾਗਮ ਮੌਕੇ ਪਹੁੰਚੇ ਮਹਿਮਾਨਾਂ ਅਤੇ ਸਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।