ਬਰਨਾਲਾ: ਮੁੱਖ ਸਦਰ ਬਾਜ਼ਾਰ ਵਿੱਚ ਇੱਕ ਟ੍ਰਾਂਸਫ਼ਾਰਮਰ ਨੂੰ ਅੱਗ ਲੱਗਣ ਨਾਲ ਹੜਕੰਪ ਮੱਚ ਗਿਆ। ਬਰਨਾਲਾ ਪੁਲਿਸ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਫ਼ਾਇਰ ਬ੍ਰਿਗੇਡ ਨੂੰ ਫ਼ੋਨ ਕਰਕੇ ਤੁਰੰਤ ਟ੍ਰੈਫ਼ਿਕ ਰੋਕ ਦਿੱਤੀ ਤੇ ਅੱਗ ਦੀ ਘਟਨਾ ਨੇੜੇ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਫ਼ਾਇਰ ਬ੍ਰਿਗੇਡ ਦੀ ਗੱਡੀ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਟ੍ਰਾਂਸਫ਼ਾਰਮਰ 'ਤੇ ਸਪਾਰਕਿੰਗ ਹੋਣ ਕਾਰਨ ਲੱਗੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤੱਖਦਰਸ਼ੀ ਦੁਕਾਨਦਾਰ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਸਾਢੇ ਤਿੰਨ ਵਜੇ ਟ੍ਰਾਂਸਫ਼ਾਰਮਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਨਾਲ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।