ਬਰਨਾਲਾ:ਪੰਜਾਬ ਦੀ ਮਿੱਟੀ ਅਤੇ ਆਪਣੇ ਪਰਿਵਾਰਾਂ ਤੋਂ ਸੱਤ ਸਮੁੰਦਰੋਂ ਦੂਰ ਬੈਠੇ ਪ੍ਰਵਾਸੀ ਪੰਜਾਬੀ ਵੀ ਕਿਸਾਨਾਂ ਦੇ ਅੰਦੋਲਨ ’ਚ ਵੱਡਾ ਯੋਗਦਾਨ ਪਾ ਰਹੇ ਹਨ। ਦਿੱਲੀ ਮੋਰਚੇ ’ਤੇ ਜਾਣ ਅਤੇ ਪ੍ਰਬੰਧਾਂ ਲਈ ਕਿਸਾਨ ਜੱਥੇਬੰਦੀਆਂ ਦੀਆਂ ਇਕਾਈਆਂ ਨੂੰ ਪ੍ਰਵਾਸੀਆਂ ਵੱਲੋਂ ਵਿੱਤੀ ਮੱਦਦ ਭੇਜੀ ਜਾ ਰਹੀ ਹੈ, ਜਿਸ ਕਾਰਨ ਕਿਸਾਨ ਦੇਸ਼ ਦੀ ਤਾਨਸ਼ਾਹੀ ਹਕੂਮਤ ਨਾਲ ਲੜਾਈ ਲੜਨ ’ਚ ਸਫ਼ਲ ਹੋਏ ਹਨ।
ਇਸੇ ਸਬੰਧ ’ਚ ਪਿੰਡ ਚੀਮਾ ਦੇ ਐੱਨਆਰਆਈ ਭਰਾਵਾਂ ਵਲੋਂ ਕਿਸਾਨ ਇਕਾਈਆਂ ਨੂੰ ਡੇਢ ਲੱਖ ਤੋਂ ਵਧੇਰੇ ਵਿੱਤੀ ਮੱਦਦ ਭੇਜੀ ਹੈ। ਭਾਕਿਯੂ (ਡਕੌਂਦਾ) ਨੂੰ 87000 ਅਤੇ ਭਾਕਿਯੂ (ਉਗਰਾਹਾਂ) ਨੂੰ 80000 ਰੁਪਏ ਦੇ ਕਰੀਬ ਪ੍ਰਵਾਸੀਆਂ ਵਲੋਂ ਪ੍ਰਾਪਤ ਹੋਈ ਹੈ। ਪਿੰਡ ਗਹਿਲ ਵਿਖੇ ਤਿੰਨ ਜੱਥੇਬਦੀਆਂ ਡਕੌਂਦਾ, ਰਾਜੇਵਾਲ ਅਤੇ ਉਗਰਾਹਾਂ ਨੂੰ ਪ੍ਰਵਾਸੀਆਂ ਵੱਲੋਂ ਆਰਥਿਕ ਮਦਦ ਭੇਜੀ ਗਈ ਹੈ। ਇਕੱਲੀ ਭਾਕਿਯੂ ਉਗਰਾਹਾਂ ਨੂੰ 1 ਲੱਖ 70 ਹਜ਼ਾਰ ਰੁਪਏ ਦਾ ਵਿੱਤੀ ਯੋਗਦਾਨ ਕਿਸਾਨੀ ਘੋਲ ਲਈ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਭਾਕਿਯੂ ਕਾਦੀਆਂ ਦੀ ਪਿੰਡ ਬਖ਼ਤਗੜ੍ਹ ਇਕਾਈ ਨੂੰ ਐਨਆਰਆਈ ਭਾਈਚਾਰੇ ਵੱਲੋਂ 31000 ਰੁਪਏ ਅਤੇ ਪਿੰਡ ਗਾਗੇਵਾਲ ਦੀ ਇਕਾਈ ਲਈ 13000 ਦੀ ਮੱਦਦ ਭੇਜੀ ਗਈ ਹੈ। ਪਿੰਡ ਭਾਕਿਯੂ (ਡਕੌਂਦਾ) ਦੀ ਪਿੰਡ ਜੋਧਪੁਰ ਇਕਾਈ ਨੂੰ 30000 ਅਤੇ ਪਿੰਡ ਸੁਖਪੁਰਾ ਇਕਾਈ ਨੂੰ 15000 ਰੁਪਏ ਦਾ ਯੋਗਦਾਨ ਪਾ ਕੇ ਐਨਆਰਆਈਜ਼ ਨੇ ਸੰਘਰਸ਼ੀ ਕਿਸਾਨਾਂ ਦਾ ਹੌਂਸਲਾ ਵਧਾਇਆ ਹੈ। ਭਾਕਿਯੂ ਉਗਰਾਹਾਂ ਦੀ ਰਾਮਗੜ ਇਕਾਈ ਨੂੰ 50 ਹਜ਼ਾਰ ਅਤੇ ਟੱਲੇਵਾਲ ਇਕਾਈ ਨੂੰ 60000 ਦਾ ਆਰਥਿਕ ਯੋਗਦਾਨ ਪ੍ਰਵਾਸੀਆਂ ਤੋਂ ਮਿਲਿਆ ਹੈ।