ਬਰਨਾਲਾ:ਜ਼ਿਲ੍ਹੇ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਗਲੀ ਨੰਬਰ 4 ਵਿੱਚ ਸੀਵਰੇਜ ਅਤੇ ਗਲੀ ਦੀ ਸਮੱਸਿਆ ਤੋਂ ਨਿਰਾਸ਼ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਗਲੀ ਵਿੱਚ ਪਾਈਆਂ ਗਈਆਂ ਸੀਵਰੇਜ ਪਾਈਪਾਂ ਨੁੰ ਅੱਗੇ ਸੀਰਵੇਜ ਸਿਸਟਮ ਨਾਲ ਨਾ ਜੋੜਨ ਦੇ ਇਲਜ਼ਾਮ ਲਗਾਏ ਗਏ। ਮੀਂਹ ਦੇ ਦਿਨਾਂ ਦੌਰਾਨ ਗਲੀ ਵਿੱਚ ਗੰਦਾ ਪਾਣੀ ਖੜ੍ਹਨ ਕਰਕੇ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਗਲੀ ਦੇ ਨਵੀਨੀਕਰਨ ਦੀ ਵੀ ਨਿਵਾਸੀਆ ਨੇ ਮੰਗ ਕੀਤੀ। ਇਹਨਾਂ ਜ਼ਰੂਰੀ ਮੰਗਾਂ ਨੂੰ ਨਾ ਮੰਨੇ ਜਾਣ ਉੱਤੇ ਪ੍ਰਦਰਸ਼ਨਕਾਰੀਆਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਸੀਵਰੇਜ ਅਤੇ ਗਲੀ ਦੀ ਸਮੱਸਿਆ ਤੋਂ ਤੰਗ ਆਏ ਲੋਕਾਂ ਨੇ ਕੀਤਾ ਪ੍ਰਦਰਸ਼ਨ, ਮੰਗਾਂ ਪੂਰੀਆਂ ਨਾ ਹੋਣ ਉੱਤੇ ਸੰਘਰਸ਼ ਦੀ ਚਿਤਾਵਨੀ - ਬਰਨਾਲਾ ਦੀਆਂ ਖ਼ਬਰਾਂ ਪੰਜਾਬੀ ਵਿੱਚ
ਬਰਨਾਲਾ ਵਿੱਚ ਸੀਵਰੇਜ ਦੀ ਨਿਕਾਸੀ ਨਾ ਹੋਣ ਅਤੇ ਗਲੀ ਦੇ ਟੁੱਟੇ ਹੋਣ ਕਾਰਣ ਲੋਕ ਪਰੇਸ਼ਾਨ ਨੇ। ਲੋਕਾਂ ਨੇ ਅੱਕ ਕੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।
ਬਿਮਾਰੀਆਂ ਫ਼ੈਲਣ ਦਾ ਡਰ:ਇਸ ਮੌਕੇ ਪੀੜਤ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਸ਼ਹੀਦ ਭਗਤ ਸਿੰਘ ਨਗਰ ਦੀ ਗਲੀ ਨੰਬਰ 4 ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀ ਨੂੰ ਕਦੇ ਵੀ ਨਾ ਤਾਂ ਪੱਕਾ ਕੀਤਾ ਗਿਆ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋਇਆ ਹੈ। ਗਲੀ ਨਿਵਾਸੀਆਂ ਦੀ ਵੱਡੀ ਮੰਗ ਨੂੰ ਲੈ ਕੇ ਭਾਵੇਂ ਸੀਵਰੇਜ ਗਲੀ ਵਿੱਚ ਪਾ ਦਿੱਤਾ ਗਿਆ ਪਰ ਲੰਬੇ ਸਮੇਂ ਤੋਂ ਇਸ ਸੀਵਰੇਜ ਨੂੰ ਅੱਗੇ ਕਿਸੇ ਪਾਸੇ ਜੋੜਿਆ ਨਹੀਂ ਗਿਆ। ਜਿਸ ਕਰਕੇ ਮੀਂਹ ਦੇ ਸਮੇਂ ਸੀਵਰੇਜ ਦਾ ਗੰਦਾ ਪਾਣੀ ਗਲੀ ਵਿੱਚ ਆ ਜਾਂਦਾ ਹੈ। ਜਿਸ ਕਰਕੇ ਲੋਕਾਂ ਦਾ ਲੰਘਣਾ ਵੀ ਮੁ਼ਸ਼ਕਿਲ ਹੋ ਜਾਂਦਾ ਹੈ। ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਬਿਮਾਰੀਆਂ ਫ਼ੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।
ਮੰਗਾਂ ਪੂਰੀਆਂ ਨਾ ਹੋਣ 'ਤੇ ਸੰਘਰਸ਼ ਦੀ ਚਿਤਾਵਨੀ: ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਗਲੀ ਦੇ ਇਸ ਸੀਵਰੇਜ ਨੂੰ ਅੱਗੇ ਸੀਵਰੇਜ ਸਿਸਟਮ ਨਾਲ ਜੋੜਿਆ ਜਾਵੇ ਤਾਂ ਕਿ ਇਸ ਵੱਡੀ ਸਮੱਸਿਆ ਦਾ ਹੱਲ ਕੀਤਾ ਜਾ ਸਕੇੇ। ਸਥਾਨਕਵਾਸੀਆਂ ਨੇ ਕਿਹਾ ਕਿ ਇੰਟਰਲਾਕ ਟਾਇਲਾਂ ਲਾਉਣ ਲਈ ਪ੍ਰਸ਼ਾਸਨ ਵੱਲੋ ਭਾਵੇਂ ਗਲੀ ਲੰਬੇ ਸਮੇਂ ਤੋਂ ਪੱਟੀ ਹੋਈ ਹੈ ਪਰ ਹਾਲੇ ਤੱਕ ਇੰਟਰਲਾਕ ਟਾਇਲਾਂ ਨਹੀਂ ਲੱਗੀਆਂ। ਸਥਾਨਕਵਾਸੀਆਂ ਨੇ ਮੰਗ ਕੀਤੀ ਕਿ ਇੰਟਰਲਾਕ ਟਾਈਲਾਂ ਲਗਾ ਕੇ ਗਲੀ ਦਾ ਵੀ ਨਵੀਨੀਕਰਨ ਕੀਤਾ ਜਾਵੇ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਪਿਛਲੇ ਡੇਢ ਸਾਲ ਵਿੱਚ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਸਾਡੀ ਸਾਰ ਤੱਕ ਨਹੀਂ ਲਈ। ਵਾਰਡ ਦੇ ਐੱਮਸੀ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਨਹੀਂ ਹੈ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗਲੀ ਨਿਵਾਸੀਆਂ ਦੀ ਕੋਈ ਸੁਣਵਾਈ ਨਾ ਕੀਤੀ ਅਤੇ ਗਲੀ ਵਿਚਲੇ ਸੀਵਰੇਜ ਨੂੰ ਅੱਗੇ ਨਾ ਜੋੜਿਆ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਵਿਰੁੱਧ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਭੁੱਖ ਹੜਤਾਲ ਅਤੇ ਸੜਕ ਦਾ ਚੱਕਾ ਜਾਮ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ।