ਬਰਨਾਲਾ: ਕੋਟਦੁਨਾਂ ਦੇ ਪਿੰਡ ਵਾਹਿਗੁਰੂ ਪੁਰਾ ਦੇ ਕਿਸਾਨਾਂ ਵੱਲੋਂ ਗੁਰਬਾਣੀ ਦੇ ਉਪਦੇਸ਼ ਅਨੁਸਾਰ ਪਵਨ ਗੁਰੂ ਅਤੇ ਧਰਤੀ ਮਾਤਾ ਨੂੰ ਸਾਫ਼ ਰੱਖਣ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਪਿਛਲੇ ਸਾਲ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਕਣਕ ਦੇ ਝਾੜ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ। ਜੇਕਰ ਸਰਕਾਰ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ 'ਤੇ ਸਹਾਇਤਾ ਰਾਸ਼ੀ ਦੇਵੇ ਅਤੇ ਯੋਗ ਸੰਦ ਮੁਹੱਈਆ ਕਰਾਵੇ ਤਾਂ ਪੂਰੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦੇਣਗੇ।
ਈਟੀਵੀ ਭਾਰਤ ਵਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੇ ਵਰ੍ਹੇ ਨਾਲ ਚੱਲ ਰਹੀ ਮੁੰਹਿਮ ਇਹ ਵਰ੍ਹਾਂ ਨਾਨਕ ਦੇ ਨਾਲ ਨਹੀ ਫੂਕਣਾ ਅਸੀ ਪਰਾਲ ਨੂੰ ਵੀ ਕਿਸਾਨਾਂ ਵਲੋਂ ਅਪਣਾਇਆ ਜਾ ਰਿਹਾ ਹੈ। ਪਿੰਡ ਦੇ ਲਗਭਗ ਸਾਰੇ ਹੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ। ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਪਰਾਲੀ ਤੋਂ ਗੰਡੋਆ ਖਾਦ ਵੀ ਤਿਆਰ ਕਰ ਰਹੇ ਹਨ।
ਵਾਹਿਗੁਰੂਪੁਰਾ ਪਿੰਡ ਨੂੰ ਖੇਤੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਗੋਦ ਲਿਆ ਗਿਆ ਹੈ। ਇਸ ਕੇਂਦਰ ਦੇ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਹੀ ਪਿਛਲੇ ਸਾਲ ਪਰਾਲੀ ਦੀ ਸੰਭਾਲ ਕਰਵਾਈ ਗਈ ਸੀ। ਕੇਂਦਰ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ 'ਤੇ ਅਮਲ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਪਰਾਲੀ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ। ਕਰੀਬ 70 ਘਰਾਂ ਵਾਲੇ ਇਸ ਪਿੰਡ ਦੇ 60 ਤੋਂ ਵੱਧ ਕਿਸਾਨਾਂ ਨੇ ਪਿਛਲੇ ਸਾਲ ਪਰਾਲੀ ਨੂੰ ਅੱਗ ਨਹੀਂ ਲਗਾਈ। ਇਸ ਵਾਰ ਸਾਰਾ ਹੀ ਪਿੰਡ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾਵੇਗਾ।