ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ-ਜੋਧਪੁਰ ਦੇ ਬੱਸ ਅੱਡੇ ਉਪਰ ਗੈਰ ਕਾਨੂੰਨੀ ਕੱਟ ਰਸਤੇ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ। ਕਿਸਾਨ ਜਥੇਬੰਦੀ ਵੱਲੋਂ ਬੱਸ ਅੱਡੇ ’ਤੇ ਬਰਨਾਲਾ ਤੋਂ ਫਰੀਦਕੋਟ ਅਤੇ ਮੋਗਾ ਨੂੰ ਜਾਂਦੇ ਸਾਂਝੇ ਰੋਡ ਦਾ ਇੱਕ ਪਾਸਾ ਜਾਮ ਕਰ ਦਿੱਤਾ ਗਿਆ। 2 ਘੰਟੇ ਤੱਕ ਕੋਈ ਸੁਣਵਾਈ ਨਾ ਹੋਣ ’ਤੇ ਕੌਮੀ ਹਾਈਵੇ ਦੇ ਦੋਵੇਂ ਪਾਸਿਆਂ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਤਹਿਸੀਲਦਾਰ ਬਰਨਾਲਾ ਦਿੱਵਿਆ ਸਿੰਗਲਾ ਮੌਕੇ ’ਤੇ ਪਹੁੰਚੀ। ਜਿਹਨਾਂ ਨੇ ਕੱਟ ਦੇ ਪੱਕੇ ਹੱਲ ਲਈ 3 ਦਿਨ ਦਾ ਸਮਾਂ ਮੰਗਿਆ। ਜਿਸ ਤੋਂ ਬਾਅਦ ਸੜਕ ਦਾ ਇੱਕ ਪਾਸਾ ਚਾਲੂ ਕਰ ਦਿੱਤਾ ਗਿਆ।
ਗੈਰ ਕਾਨੂੰਨੀ ਕੱਟ:ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਆਗੂ ਸੰਦੀਪ ਸਿੰਘ ਚੀਮਾ ਗੁਰਨਾਮ ਭੋਤਨਾ ਦਰਸ਼ਨ ਸਿੰਘ ਚੀਮਾ ਅਤੇ ਜਗਜੀਤ ਜੱਗੀ ਢਿੱਲੋਂ ਨੇ ਕਿਹਾ ਕਿ ਸਾਡੇ ਦੋ ਪਿੰਡਾਂ ਚੀਮਾ ਅਤੇ ਜੋਧਪੁਰ ਦੇ ਵਿਚਕਾਰ ਦੀ ਕੌਮੀ ਹਾਈਵੇ ਲੰਘਦਾ ਹੈ। ਦੋਵੇਂ ਪਿੰਡਾਂ ਦਾ ਬੱਸ ਅੱਡਾ ਸਰਕਾਰੀ ਸੈਕੰਡਰੀ ਸਕੂਲ ਅਤੇ ਬੈਂਕ ਸਾਂਝੀ ਹੈ। ਪਰ ਇਸ ਨਵੇਂ ਬਣੇ ਹਾਈਵੇ ਤੋਂ ਦੋਵੇਂ ਪਿੰਡਾਂ ਨੂੰ ਸਹੀ ਤਰੀਕੇ ਕੱਟ ਨਹੀਂ ਛੱਡਿਆ ਗਿਆ। ਆਰਜ਼ੀ ਤੌਰ ’ਤੇ ਗੈਰ ਕਾਨੂੰਨੀ ਤਰੀਕੇ ਛੱਡੇ ਗਏ ਕੱਟ ਕਾਰਨ ਵੱਡੀ ਗਿਣਤੀ ਵਿੱਚ ਸੜਕ ਹਾਦਸੇ ਵਾਪਰਨ ਕਰਕੇ ਕਈ ਲੋਕਾਂ ਦੀ ਜਾਨ ਚੁੱਕੀ ਹੈ। ਬੱਸ ਅੱਡੇ ਉਪਰ ਸੜਕ ਵਿਚਕਾਰ ਇੱਕ ਕੰਧ ਕੱਢੀ ਹੋਈ ਹੈ ਜਿਸ ਕਰਕੇ ਸਕੂਲੀ ਬੱਚਿਆਂ ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਭਾਰੀ ਦਿੱਕਤ ਆਉਂਦੀ ਹੈ।