ਕਣਕ ਦੇ ਭਾਅ ਵਿੱਚ ਕਟੌਤੀ ਨੂੰ ਲੈ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਬਰਨਾਲਾ :ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਭਾਰੀ ਮੀਂਹ ਗੜੇਮਾਰੀ ਨਾਲ ਕਣਕ ਦੇ ਝਾੜ ਵਿੱਚ ਹੋਈ ਕਮੀ ਦਾ ਪੂਰਾ ਮੁਆਵਜ਼ਾ ਦੇਣ ਦੀ ਬਜਾਏ ਕੇਂਦਰ ਸਰਕਾਰ ਸਰਕਾਰ ਵੱਲੋਂ ਦਾਗ਼ੀ ਦਾਣਿਆਂ ਦੇ ਬਹਾਨੇ ਬਾਕੀ ਬਚੀ ਕਣਕ ਦੇ ਰੇਟ ਵਿੱਚ ਵੀ 5.31 ਤੋਂ ਲੈਕੇ 31.86 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕਰਨ ਦੇ ਫੈਸਲੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਰੋਸ ਜ਼ਾਹਰ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਖੇਤੀ ਰੁਜ਼ਗਾਰ 'ਤੇ ਨਿਰਭਰ ਭਾਰੀ ਗਿਣਤੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦੇ ਮੰਗ ਪੱਤਰ ਸੌਂਪਿਆ।
ਸੂਬਾ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ :ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨੂੰ ਕੌਮੀ ਆਫ਼ਤ ਮੰਨ ਕੇ ਇਸ ਨਾਲ ਹੋਏ ਫ਼ਸਲੀ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਤੁਰੰਤ ਕੀਤੀ ਜਾਵੇ। ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਮੁਤਾਬਕ ਕਟੌਤੀ ਤੋਂ ਬਿਨਾਂ ਪੂਰੀ ਦੀ ਪੂਰੀ ਕਣਕ ਅਤੇ ਦੂਜੀਆਂ ਫ਼ਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਨੇ ਵੀ ਕਣਕ ਦੀ 75 ਤੋਂ 100% ਯਾਨੀ ਮੁਕੰਮਲ ਤਬਾਹੀ ਦਾ ਮੁਆਵਜ਼ਾ ਸਿਰਫ 15000 ਰੁਪਏ ਪ੍ਰਤੀ ਏਕੜ ਐਲਾਨ ਕਰ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਕੀਤਾ ਗਿਆ ਹੈ।
ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਫਸਲ ਦੀ ਮੁਆਵਜ਼ਾ ਘੱਟੋ-ਘੱਟ 50 ਤੋਂ 55 ਹਜ਼ਾਰ ਹੋਵੇ :ਬਹੁਤੇ ਪਿੰਡਾਂ ਵਿੱਚ ਕਣਕ ਨੁਕਸਾਨ ਦੀਆਂ ਗਿਰਦਾਵਰੀਆਂ ਵੀ ਸਹੀ ਢੰਗ ਨਾਲ ਨਹੀਂ ਹੋਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਗ ਕੀਤੀ ਗਈ ਕਿ ਮੁਕੰਮਲ ਤਬਾਹੀ ਦਾ ਮੁਆਵਜ਼ਾ ਘੱਟੋ-ਘੱਟ 50-55000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਜਿਸ ਵਿੱਚ ਕਿਸਾਨ ਦਾ ਭੋਰਾ ਵੀ ਕਸੂਰ ਨਹੀਂ। ਇਸ ਤਬਾਹੀ ਦਾ ਬਹੁਤ ਭਾਰ ਪਹਿਲਾਂ ਹੀ ਕਰਜ਼ਿਆਂ ਥੱਲੇ ਕੁਚਲੇ ਕਿਸਾਨ ਮਜ਼ਦੂਰ ਉਤੇ ਪਾਉਣ ਦੀ ਥਾਂ ਸਰਕਾਰੀ ਖਜ਼ਾਨੇ ਵਿਚੋਂ ਇਸ ਦੀ ਭਰਪਾਈ ਕਰੇ। ਕਿਉਂਕਿ ਕਿਸਾਨ ਮਜ਼ਦੂਰ ਪੂਰੇ ਦੇਸ਼ ਦਾ ਅੰਨਦਾਤਾ ਹੈ।
ਇਹ ਵੀ ਪੜ੍ਹੋ :Charanjit Channi on AAP: ਚੰਨੀ ਨੇ ਵੰਗਾਰੀ ਪੰਜਾਬ ਸਰਕਾਰ, ਕਿਹਾ- "ਕੇਸਾਂ ਨਾਲ ਮੇਰਾ ਕੁਝ ਨਹੀਂ ਹੋਣਾ, ਮੂਸੇਵਾਲੇ ਵਾਲਾ ਕੰਮ ਕਰ ਕੇ ਦੇਖ ਲਓ"
ਜੇਕਰ ਸਰਕਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ :ਜਥੇਬੰਦੀ ਵੱਲੋਂ ਅੰਦੋਲਨਕਾਰੀ ਕਿਸਾਨ ਤੇ ਮਜ਼ਦੂਰਾਂ ਨੂੰ ਇਹ ਵੀ ਸੱਦਾ ਦਿੱਤਾ ਗਿਆ ਹੈ ਕਿ ਰੇਟ ਕਟੌਤੀ ਵਾਲਾ ਜੇ ਫ਼ਾਰਮ ਕੱਟਣ ਵਾਲੇ ਅਧਿਕਾਰੀਆਂ ਦੇ ਮੌਕੇ ਉਤੇ ਘਿਰਾਓ ਕੀਤੇ ਜਾਣ। ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਵੱਲੋਂ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ , ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ, ਬਲਾਕ ਆਗੂ ਜੱਜ ਸਿੰਘ ਗਹਿਲ, ਨਾਹਰ ਸਿੰਘ ਗੁਮਟੀ, ਕੁਲਜੀਤ ਸਿੰਘ ਵਜੀਦਕੇ, ਰਾਮ ਸਿੰਘ ਸੰਘੇੜਾ, ਸੁਖਦੇਵ ਸਿੰਘ, ਗੁਰਨਾਮ ਸਿੰਘ ਭੋਤਨਾ, ਸੰਦੀਪ ਸਿੰਘ ਚੀਮਾ, ਜਰਨੈਲ ਸਿੰਘ ਜਵੰਧਾ, ਨਿਰਪਜੀਤ ਸਿੰਘ ਬਡਬਰ, ਬਲਵਿੰਦਰ ਸਿੰਘ ਕਾਲਾ ਬੁਲਾ, ਨਾਜ਼ਰ ਸਿੰਘ ਠੁੱਲੀਵਾਲ, ਔਰਤ ਆਗੂ ਬਿੰਦਰਪਾਲ ਕੌਰ ਭਦੌੜ ਆਦਿ ਆਗੂ ਹਾਜ਼ਰ ਸਨ।