ਬਰਨਾਲਾ : ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਰਾਜੇਵਾਲ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨ ਜੱਥੇਬੰਦੀਆਂ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਵਿੱਚ ਚਾਰ ਕਿਸਾਨਾਂ ਉਪਰ ਮਾਇਨਿੰਗ ਦੇ ਦੋਸ਼ਾਂ ਤਹਿਤ ਪਰਚੇ ਅਤੇ ਜ਼ੁਰਮਾਨੇ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਕਰ ਰਹੀਆਂ ਹਨ। ਤਿੰਨ ਦਿਨਾਂ ਤੋਂ ਲਗਾਤਰ ਕਿਸਾਨ ਦਿਨ-ਰਾਤ ਡੀਸੀ ਦਫ਼ਤਰ ਅੱਗੇ ਡਟੇ ਹੋਏ ਹਨ। ਮੀਂਹ ਅਤੇ ਹਨੇਰੀ ਨੇ ਭਾਵੇਂ ਕਿਸਾਨਾਂ ਦੇ ਟੈਂਟ ਪੁੱਟ ਦਿੱਤੇ ਪਰ ਇਸਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਨੁੰ ਲੈਕੇ ਡਟੇ ਹੋਏ ਹਨ। ਕਿਸਾਨਾ ਦਾ ਕਹਿਣਾ ਹੈ ਕਿ ਖੇਤਾਂ ਵਿੱਚੋਂ ਮਿੱਟੀ ਪੁੱਟ ਕੇ ਦੂਜੇ ਖੇਤ ਵਿੱਚ ਪਾਏ ਜਾਣ ਨੂੰ ਵੀ ਸਰਕਾਰ ਨੇ ਮਾਇਨਿੰਗ ਕਰਾਰ ਦੇ ਦਿੱਤਾ ਹੈ, ਜੋ ਸਰਾਸਰ ਗਲਤ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਏ ਕਿ ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਵਿੱਚ ਮਾਇਨਿੰਗ ਮੰਤਰੀ ਹਨ, ਪਰ ਇਸਦੇ ਬਾਜਵੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨਾਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਿੰਨਾਂ ਸਮਾਂ ਕਿਸਾਨਾਂ ਉਪਰ ਗਲਤ ਪਰਚੇ ਅਤੇ ਜੁਰਮਾਨੇ ਨੂੰ ਰੱਦ ਨਹੀਂ ਕੀਤਾ ਜਾਂਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਨਾਜਾਇਜ਼ ਮਾਇਨਿੰਗ ਦੇ ਕੀਤੇ ਝੂਠੇ ਪਰਚੇ ਦੇ ਵਿਰੋਧ :ਇਸ ਮੌਕੇ ਧਰਨਾਕਾਰੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਜਸਵੀਰ ਸਿੰਘ ਸੁਖਪੁਰਾ ਨੇ ਕਿਹਾ ਕਿ ਉਹਨਾਂ ਦਾ ਧਰਨਾ ਪਿੰਡ ਛੀਨੀਵਾਲ ਕਲਾਂ ਦੇ ਵਿੱਚ ਨਾਜਾਇਜ਼ ਮਾਇਨਿੰਗ ਦੇ ਕੀਤੇ ਝੂਠੇ ਪਰਚੇ ਦੇ ਵਿਰੋਧ ਵਿੱਚ ਹੈ। ਪਿੰਡ ਦੇ ਚਾਰ ਕਿਸਾਨਾਂ ਉਪਰ ਝੂਠਾ ਪਰਚਾ ਅਤੇ ਜੁਰਮਾਨਾ ਕੀਤਾ ਗਿਆ ਹੈ। ਜਦਕਿ ਕਿਸਾਨਾਂ ਵਲੋਂ ਆਪਣੀ ਜ਼ਮੀਨਾਂ ਵਿੱਚੋਂ ਮਿੱਟੀ ਚੁੱਕ ਕੇ ਆਪਣੇ ਨੀਵੇਂ ਖੇਤਾਂ ਵਿੱਚ ਪਈ ਅਤੇ ਵਿਕਾਸ ਕੰਮਾਂ ਲਈ ਵਰਤਿਆ ਗਿਆ ਸੀ, ਪਰ ਪੰਜਾਬ ਸਰਕਾਰ ਨੇ ਇਸਨੂੰ ਨਾਜਾਇਜ਼ ਮਾਇਨਿੰਗ ਦਾ ਰੂਪ ਦੇ ਦਿੱਤਾ, ਜਦਕਿ ਮੌਕੇ ਤੋਂ ਸਰਕਾਰ ਨੂੰ ਕੋਈ ਟਿੱਪਰ ਜਾਂ ਜੇਸੀਬੀ ਮਸ਼ੀਨ ਜਾਂ ਵੱਡੇ ਵਹੀਕਲ ਨਹੀਂ ਫੜੇ ਗਏ। ਵਿਰਾਸਤੀ ਰੂਪ ਵਿੱਚ ਖੱਡਾ ਲਗਾ ਕੇ ਮਿੱਟੀ ਚੁੱਕ ਰਹੇ ਕਿਸਾਨਾਂ ਉਪਰ ਇਸ ਤਰੀਕੇ ਝੂਠੇ ਕੇਸ ਦਰਜ ਬਹੁਤ ਵੱਡਾ ਧੱਕਾ ਹੈ।