ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨਾਂ ਵੱਲੋਂ ਦਿੱਲੀ ਚੱਲੋ ਦੇ ਸੱਦੇ 'ਤੇ ਅੱਜ ਜ਼ਿਲ੍ਹੇ ਦੇ ਬਡਬਰ ਟੋਲ ਪਲਾਜ਼ਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵੱਡਾ ਜੱਥਾ ਖਨੋਰੀ ਬਾਰਡਰ ਵੱਲ ਰਵਾਨਾ ਹੋਇਆ ਹੈ, ਜਿੱਥੇ ਅੱਗੇ ਇਹ ਜੱਥਾ ਹੋਰ ਕਿਸਾਨਾਂ ਨਾਲ ਦਿੱਲੀ ਨੂੰ ਰਵਾਨਾ ਹੋਵੇਗਾ।
ਇਸ ਜੱਥੇ 'ਚ ਵੱਡੀ ਗਿਣਤੀ 'ਚ ਕਿਸਾਨ, ਨੌਜਵਾਨ, ਔਰਤਾਂ ਅਤੇ ਬੱਚੇ ਸ਼ਾਮਲ ਹਨ। ਕਿਸਾਨਾਂ ਆਪਣੇ ਜੱਥੇ ਨਾਲ ਵੱਡੀ ਗਿਣਤੀ 'ਚ ਆਪਣੀ ਸਹੂਲਤਾਂ ਦਾ ਸਮਾਨ ਦੁੱਧ, ਪਾਣੀ ਅਤੇ ਰਾਸ਼ਨ ਨਾਲ ਲੈ ਕੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਵਾਪਸ ਨਹੀਂ ਮੁੜਣਗੇ ਜਦੋਂ ਤਕ ਕੇਂਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨ ਲਵੇ। ਕਿਸਾਨਾਂ ਨੇ ਸਰਕਾਰ ਨੂੰ ਵੰਗਾਰ ਪਾਈ ਹੈ ਅਤੇ ਇਹ ਚੇਤਾਵਨੀ ਵੀ ਪਾਈ ਹੈ ਭਾਵੇ ਮੀਂਹ ਝੱਖੜ ਆਵੇ ਜਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਪਰ ਕਿਸਾਨ ਪਿੱਛੇ ਨਹੀਂ ਹਟਣਗੇ।