ਬਰਨਾਲਾ :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਥੇਬੰਦੀ ਵੱਲੋਂ ਸਾਂਝੇ ਤੌਰ 'ਤੇ ਤਪਾ ਮੰਡੀ ਵਿੱਚ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਕੋਠੀ ਅੱਗੇ ਰੋਸ ਧਰਨਾ ਲਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਅਤੇ ਕਾਦੀਆ ਜਥੇਬੰਦੀ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਾਲ ਪਿੰਡ ਪੱਖੋਕੇ ਅਤੇ ਮੱਲੀਆ ਦੀ ਸੁਸਾਇਟੀ ਦੇ ਸੈਕਟਰੀ ਵੱਲੋਂ ਦੋਵੇਂ ਪਿੰਡਾਂ ਦੇ ਕਿਸਾਨਾਂ ਨਾਲ 6 ਕਰੋੜ ਤੋਂ ਜ਼ਿਆਦਾ ਦੀ ਰੁਪਏ ਦੀ ਠੱਗੀ ਮਾਰੀ ਸੀ। ਪਰ ਰਾਜਨੀਤਿਕ ਇੱਕ ਸ਼ਹਿ ਹੋਣ ਕਾਰਨ ਸੈਕਟਰੀ ਖੁੱਲੇਆਮ ਘੁੰਮ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਸਰਕਾਰਾਂ ਦੇ ਦਾਅਵੇ ਨਿਕਲੇ ਖੋਖਲੇ :ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਤਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਭ੍ਰਿਸ਼ਟਾਚਾਰ ਨੂੰ ਸਿਰੇ ਤੋਂ ਖਤਮ ਕਰ ਦਿੱਤਾ ਜਾਵੇਗਾ। ਪਰ ਭ੍ਰਿਸ਼ਟਾਚਾਰ ਕਰਨ ਵਾਲੇ ਸੈਕਟਰੀ ਅੱਜ ਵੀ ਖੁੱਲੇਆਮ ਫਿਰ ਰਹੇ ਹਨ। ਇਹਨਾਂ ਨੂੰ ਸ਼ਹਿ ਮਿਲ ਰਹੀ ਹੈ ਆਮ ਲੋਕਾਂ ਲੋਕਾਂ ਵੱਲੋਂ ਚੁਣੇ ਗਏ ਵਿਧਾਇਕਾਂ ਦੀ।ਆਮ ਆਦਮੀ ਪਾਰਟੀ ਦੇ ਐਮਐਲਏ ਵੀ ਸੱਤਾ ਦੇ ਨਸ਼ੇ ਵਿੱਚ ਆਮ ਜਨਤਾ ਦੇ ਮੁੱਦਿਆਂ ਨੂੰ ਭੁੱਲ ਕੇ ਸਿਰਫ ਐਸ਼ਪ੍ਰਸਤੀ ਵਿੱਚ ਸਰਕਾਰੀ ਖਜ਼ਾਨੇ ਨੂੰ ਲੁੱਟਣ 'ਤੇ ਲੱਗੇ ਹੋਏ ਹਨ। ਇਹਨਾਂ ਦੇ ਰਾਜ ਵਿੱਚ ਆਮ ਆਦਮੀ ਦਾ ਦਿਨੋ ਦਿਨ ਦਿਵਾਲਾ ਨਿਕਲ ਰਿਹਾ ਹੈ। ਅੱਜ ਵੀ ਭ੍ਰਿਸ਼ਟ ਅਧਿਕਾਰੀਆਂ ਦੀ ਹੀ ਸੁਣਵਾਈ ਹੋ ਰਹੀ ਹੈ।