ਬਰਨਾਲਾ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। 26 ਮਈ ਨੂੰ ਇਸ ਕਿਸਾਨ ਅੰਦੋਲਨ ਨੂੰ ਦਿੱਲੀ ਵਿਖੇ ਚਲਦਿਆਂ ਛੇ ਮਹੀਨੇ ਪੂਰੇ ਹੋ ਜਾਣਗੇ। ਉੱਥੇ ਹੀ ਇਸ ਦਿਨ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਸੱਤਾ ਵਿਚ ਆਏ ਸੱਤ ਸਾਲ ਪੂਰੇ ਹੋਣ ਵਾਲੇ ਹਨ। ਕਿਸਾਨਾਂ ਦੀ ਸਰਕਾਰ ਵੱਲੋਂ ਛੇ ਮਹੀਨਿਆਂ ਤੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਇਸ ਦਿਨ ਕਿਸਾਨ ਕਾਲੇ ਝੰਡੇ, ਕਾਲੇ ਚੋਲੇ ਪਾ ਕੇ ਕਿਸਾਨ ਮੋਰਚਿਆਂ ਵਿਚ ਸ਼ਾਮਿਲ ਹੋਣਗੇ।
ਕੇਂਦਰ ਨੂੰ 26 ਮਈ ਨੂੰ ਘੇਰਨ ਲਈ ਕਿਸਾਨਾਂ ਨੇ ਵਿੱਢੀ ਤਿਆਰੀ ਇਸ ਤੋਂ ਇਲਾਵਾ ਕਿਸਾਨਾਂ ਦੇ ਘਰਾਂ 'ਤੇ ਕਾਲੇ ਝੰਡੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀਆਂ ਤਿਆਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਬਰਨਾਲਾ ਵਿੱਚ ਕਿਸਾਨ ਜਥੇਬੰਦੀ ਨਾਲ ਜੁੜੀਆਂ ਔਰਤਾਂ ਵੱਲੋਂ ਕਾਲੀਆਂ ਝੰਡੀਆਂ ਬਣਾਉਣ ਦਾ ਸਿਲਸਿਲਾ ਜੰਗੀ ਪੱਧਰ 'ਤੇ ਵਿੱਢ ਦਿੱਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਔਰਤਾਂ ਨੇ ਕਿਹਾ ਕਿ 26 ਮਈ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾ ਰਹੇ ਕਾਲੇ ਦਿਨ ਵਜੋਂ ਉਨ੍ਹਾਂ ਵੱਲੋਂ ਕਾਲੀਆਂ ਝੰਡੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡਾਂ ਵਿੱਚ ਔਰਤਾਂ ਵੱਲੋਂ ਵੱਡੇ ਪੱਧਰ ਤੇ ਕਾਲੀਆਂ ਝੰਡੀਆਂ ਬਣਾਈਆਂ ਜਾ ਰਹੀਆਂ ਹਨ। ਕਿਉਂਕਿ ਲਗਾਤਾਰ ਛੇ ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਡਟੇ ਹੋਏ ਹਨ ਅਤੇ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ। ਜਿਸ ਦੇ ਰੋਸ ਵਜੋਂ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਨ ਮਨਾਇਆ ਜਾਵੇਗਾ। ਇਸ ਦਿਨ ਜਿੱਥੇ ਕਿਸਾਨਾਂ ਦੇ ਘਰਾਂ ਤੇ ਕਾਲੇ ਝੰਡੇ ਲਹਿਰਾਏ ਜਾਣਗੇ। ਉੱਥੇ ਕਿਸਾਨ ਮੋਰਚਿਆਂ ਵਿੱਚ ਵੀ ਕਿਸਾਨ ਕਾਲੀਆਂ ਪੱਗਾਂ, ਔਰਤਾਂ ਕਾਲੀਆਂ ਚੁੰਨੀਆਂ ਅਤੇ ਪੱਟੀਆਂ ਬੰਨ੍ਹ ਕੇ ਮੋਰਚੇ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਸ ਦਿਨ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜਨਗੇ।
ਇਹ ਵੀ ਪੜੋ:ਕਿਸਾਨਾਂ ਦੇ ਹੱਕ 'ਚ ਡਟੇ ਨਵਜੋਤ ਸਿੱਧੂ.. 26 ਮਈ ਨੂੰ ਕਰਨਗੇ ਇਹ ਕੰਮ..