ਕਿਸਾਨ ਜਥੇਬੰਦੀਆਂ ਵਲੋਂ ਮੰਤਰੀ ਮੀਤ ਹੇਅਰ ਦੇ ਦਫ਼ਤਰ ਦਾ ਘਿਰਾਓ ਬਰਨਾਲਾ: ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਫ਼ਤਰ ਦਾ ਕਿਸਾਨ ਜਥੇਬੰਦੀਆਂ ਵਲੋਂ ਘਿਰਾਓ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਾਦੀਆਂ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਆਗੂਆਂ ਵਲੋਂ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੀ ਸਹਿਕਾਰੀ ਸਭਾ ਵਿੱਚ ਸੈਕਟਰੀ ਵਲੋਂ ਕੀਤੇ 7 ਕਰੋੜ ਦੇ ਘਪਲੇ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਕੀਤਾ ਗਿਆ।
ਪੀੜਤ ਕਿਸਾਨ ਕਰ ਰਹੇ ਇਨਸਾਫ਼ ਦੀ ਮੰਗ: ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਅਤੇ ਪੱਖੋਕੇ ਦੀ ਸਾਂਝੀ ਸਹਿਕਾਰੀ ਸਭਾ ਵਿੱਚ ਸੁਸਾਇਟੀ ਦੇ ਸੈਕਟਰੀ ਵਲੋਂ 7 ਕਰੋੜ ਰੁਪਏ ਦਾ ਵੱਡਾ ਘਪਲਾ ਕੀਤਾ ਹੈ। ਜਿਸਨੂੰ ਲੈ ਕੇ ਲਗਾਤਾਰ ਪੀੜਤ ਕਿਸਾਨ ਇਨਸਾਫ਼ ਦੀ ਮੰਗ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਾਦੀਆਂ ਵਲੋਂ ਪਿਛਲੇ 24 ਦਿਨਾਂ ਤੋਂ ਇਸ ਘਪਲੇ ਸਬੰਧੀ ਇਨਸਾਫ਼ ਦੀ ਮੰਗ ਨੂੰ ਲੈ ਕੇ ਡੀਸੀ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਹੋਇਆ ਹੈ ਪਰ ਸਰਕਾਰ ਤੇ ਪ੍ਰਸ਼ਾਸ਼ਨ ਨੇ ਕੋਈ ਗੱਲ ਨਹੀਂ ਸੁਣੀ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਫ਼ਤਰ ਦਾ ਬਰਨਾਲਾ ਵਿਖੇ ਘਿਰਾਓ ਕੀਤਾ ਹੈ।
ਮੀਤ ਹੇਅਰ ਦੇ ਦਫ਼ਤਰ ਦਾ ਘਿਰਾਓ: ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਦੋਵੇਂ ਕਿਸਾਨ ਜੱਥੇਬੰਦੀਆਂ ਦੇ ਆਗੂ ਅਤੇ ਔਰਤਾਂ ਪੁੱਜੀਆਂ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਇਸ ਵੱਡੇ ਘਪਲੇ ਵਿੱਚ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਕੇ ਖਾਤਾਧਾਰਕ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਉਹਨਾਂ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਜਾਵੇਗਾ ਪਰ ਅੱਜ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਨਸਫ਼ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਘਰ ਅੱਗੇ ਉਹ ਪੁੱਜੇ ਹਨ ਪਰ ਸਰਕਾਰ ਉਹਨਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ।
ਸੈਕਟਰੀ 'ਤੇ 7 ਕਰੋੜ ਘਪਲੇ ਦਾ ਇਲਜ਼ਾਮ: ਉਹਨਾਂ ਕਿਹਾ ਕਿ ਮੀਤ ਹੇਅਰ ਦੇ ਇਸ ਦਫ਼ਤਰ ਤੱਕ ਪੁੱਜਣ ਤੋਂ ਰੋਕਣ ਲਈ ਉਹਨਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ ਹੈ, ਪਰ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਘੇਰਾ ਤੋੜ ਕੇ ਮੀਤ ਹੇਅਰ ਦਾ ਦਫ਼ਤਰ ਘੇਰਿਆ ਹੈ। ਉਹਨਾਂ ਕਿਹਾ ਕਿ ਇਸ ਸੁਸਾਇਟੀ ਵਿੱਚ ਕਿਰਤੀ ਲੋਕਾਂ ਨੇ ਆਪਣੀ ਮਿਹਨਤ ਨਾਲ ਪੈਸਿਆ ਜਮ੍ਹਾ ਕਰਵਾਇਆ ਸੀ ਪਰ ਸੁਸਾਇਟੀ ਦਾ ਸੈਕਟਰੀ ਅਤੇ ਸਹਿਕਾਰੀ ਵਿਭਾਗ ਦੇ ਅਧਿਕਾਰੀ 7 ਕਰੋੜ ਰੁਪਏ ਖਾ ਗਏ। ਇਸ ਘਪਲੇ ਦਾ ਜਿੰਨਾਂ ਸਮਾਂ ਇਨਸਾਫ਼ ਨਹੀਂ ਮਿਲਦਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਜੇਕਰ ਲੋੜ ਪਈ ਤਾਂ ਸੰਘਰਸ਼ ਨੂੰ ਇਸ ਤੋਂ ਵੀ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ।
ਪੀੜਤ ਮਹਿਲਾ ਨੇ ਲਗਾਏ ਗੰਭੀਰ ਇਲਜ਼ਾਮ: ਉਥੇ ਇਸ ਮੌਕੇ ਧਰਨੇ ਵਿੱਚ ਹਾਜ਼ਰ ਹੋਈ ਪੀੜਤ ਔਰਤ ਰੇਸ਼ਮ ਕੌਰ ਨੇ ਦੱਸਿਆ ਕਿ ਉਸਨੇ ਆਪਣੀ 6 ਕਨਾਲ ਜ਼ਮੀਨ ਵੇਚ ਕੇ ਸਾਢੇ 18 ਲੱਖ ਰੁਪਏ ਸੁਸਾਇਟੀ ਵਿੱਚ ਸੈਕਟਰੀ ਕੋਲ ਜਮ੍ਹਾ ਕਰਵਾਏ ਸਨ। ਉਸਨੇ ਇੱਕ ਸਾਲ ਦੀ ਐਫ਼ਡੀ ਕਰਵਾਈ ਸੀ। ਜਦੋਂ ਵੀ ਉਹ ਪੈਸੇ ਲੈਣ ਸੁਸਾਇਟੀ ਵਿੱਚ ਜਾਂਦੀ ਸੀ, ਸੈਕਟਰੀ ਭੱਜ ਜਾਂਦਾ ਸੀ। ਇੱਕ ਦਿਨ ਇਸ ਦੇ ਘਰ ਵਿੱਚ ਗਏ ਤਾਂ ਉਸਨੇ ਬੈਂਕ ਦੀ ਕਾਪੀ ਬਣਾਉਣ ਦਾ ਲਾਰਾ ਲਗਾ ਦਿੱਤਾ ਪਰ ਉਸਦੇ ਪੈਸੇ ਨਹੀਂ ਦਿੱਤੇ। ਉਹਨਾਂ ਕਿਹਾ ਕਿ ਮੇਰੀ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਰੋਟੀ ਵੀ ਗੁਰੂ ਘਰ ਖਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਦੇ ਕਈ ਅਧਿਕਾਰੀਆਂ ਨੂੰ ਇਨਸਾਫ਼ ਦੀ ਮੰਗ ਕਰ ਚੁੱਕੇ ਹਾਂ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਡੇਢ ਸਾਲ ਤੋਂ ਉਹ ਇਨਸਾਫ਼ ਲੈਣ ਲਈ ਪ੍ਰੇਸ਼ਾਨ ਹਨ। ਇਸ ਦੌਰਾਨ ਉਹਨਾਂ ਸੈਕਟਰੀ ਤੋਂ ਉਸਦੇ ਹੱਕ ਦੇ ਪੈਸੇ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ।