ਕਿਸਾਨ ਜੱਥੇਬੰਦੀਆਂ ਨੇ ਘੇਰਿਆ ਡੀਸੀ ਦਫ਼ਤਰ ਬਰਨਾਲਾ:ਭਾਰਤੀ ਕਿਸਾਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਤਰਫੋਂ ਸੈਂਕੜੇ ਕਿਸਾਨਾਂ ਨੇ ਬਰਨਾਲਾ ਡੀਸੀ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਮੋਰਚਾ ਖੋਲ੍ਹਿਆ। ਦਰਅਸਲ ਮਾਮਲਾ ਬਰਨਾਲਾ ਦੇ ਪਿੰਡ ਛੀਨੀਵਾਲ ਨਾਲ ਸਬੰਧਤ ਮਾਈਨਿੰਗ ਦੇ ਮਾਮਲੇ ਵਿੱਚ ਕੁਝ ਕਿਸਾਨਾਂ ਨੂੰ 2 ਲੱਖ 26 ਹਜ਼ਾਰ ਦੇ ਜੁਰਮਾਨੇ ਦੇ ਨੋਟਿਸ ਜਾਰੀ ਕਰਨ ਦਾ ਹੈ ਜਿਸ ਦੇ ਰੋਸ ਵਿੱਚ ਕਿਸਾਨ ਜੱਥੇਬੰਦੀਆਂ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਪ੍ਰਸ਼ਾਸ਼ਨ 'ਤੇ ਮਾਇੰਨਿੰਗ ਵਿਭਾਗ ਦੀ ਇਸ ਕਾਰਵਾਈ ਨੂੰ ਗਲਤ ਦੱਸ ਰਹੇ ਹਨ।
ਡੇਢ ਸਾਲ ਤੋਂ ਕਰ ਰਹੇ ਇਨਸਾਫ ਦੀ ਮੰਗ :ਕਿਸਾਨਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਉਨ੍ਹਾਂ 'ਤੇ ਸਰਾਸਰ ਝੂਠਾ ਨੋਟਿਸ ਜਾਰੀ ਕੀਤਾ ਗਿਆ ਹੈ, ਇਹ ਪਿਛਲੇ ਡੇਢ ਸਾਲ ਤੋਂ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਮਾਇਨਿੰਗ ਮੰਤਰੀ ਹਨ। ਪਰ ਉਹਨਾਂ ਵਲੋਂ ਵੀ ਸੁਣਵਾਈ ਨਾ ਕਰਨ ਦੇ ਰੋਸ ਕਰਕੇ ਉਹਨਾਂ ਨੂੰ ਸੰਘਰਸ਼ ਦਾ ਰਸਤਾ ਅਪਨਾਉਣਾ ਪਿਆ ਹੈ।
ਮਾਈਨਿੰਗ 'ਚ ਤਬਦੀਲ ਕਰ ਦਿੱਤਾ ਗਿਆ: ਇਸ ਮੌਕੇ ਧਰਨਾਕਾਰੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾਂ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਕਰੀਬ ਡੇਢ ਸਾਲ ਪੁਰਾਣਾ ਹੈ ਅਤੇ ਪਿੰਡ ਛੀਨੀਵਾਲ ਦੇ ਕੁਝ ਕਿਸਾਨਾਂ ਨੇ ਪ੍ਰੋਟੋਕੋਲ ਦੇ ਆਧਾਰ 'ਤੇ ਉਨ੍ਹਾਂ ਦੇ ਖੇਤਾਂ 'ਚੋਂ ਮਿੱਟੀ ਪੁੱਟੀ ਗਈ। ਪਰ ਕਿਸੇ ਸ਼ਰਾਰਤੀ ਅਨਸਰ ਦੀ ਸ਼ਿਕਾਇਤ 'ਤੇ ਇਸ ਨੂੰ ਮਾਈਨਿੰਗ 'ਚ ਤਬਦੀਲ ਕਰ ਦਿੱਤਾ ਗਿਆ। ਜਿਸ ਕਾਰਨ ਮਾਈਨਿੰਗ ਦੇ ਜੁਰਮ 'ਚ ਕਿਸਾਨਾਂ ਨੂੰ 2 ਲੱਖ 26 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ।
ਪੱਕਾ ਮੋਰਚਾ ਲਾਇਆ ਗਿਆ:ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਮੌਕੇ ਦੀ ਜਾਂਚ ਵੀ ਕੀਤੀ ਜਾ ਚੁੱਕੀ ਹੈ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਾਈਨਿੰਗ ਮੰਤਰੀ ਨੂੰ ਵੀ ਤਿੰਨ ਵਾਰ ਮਿਲ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਕੀਤੇ ਗਏ ਝੂਠੇ ਮਾਈਨਿੰਗ ਕੇਸ ਦਾ ਨੋਟਿਸ ਵਾਪਸ ਨਹੀਂ ਲਿਆ ਗਿਆ ਅਤੇ ਨਾ ਹੀ ਰੱਦ ਕੀਤਾ ਗਿਆ। ਅੱਜ ਬੀਕੇਯੂ ਕਾਦੀਆਂ ਅਤੇ ਬੀਕੇਯੂ ਰਾਜੇਵਾਲ ਵੱਲੋਂ ਡੀਸੀ ਦਫ਼ਤਰ ਬਰਨਾਲਾ ਦੇ ਬਾਹਰ ਪੱਕਾ ਮੋਰਚਾ ਲਾਇਆ ਗਿਆ ਹੈ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਧਰਨਾ ਦਿੱਤਾ ਜਾਵੇਗਾ। ਸੰਯੁਕਤ ਕਿਾਨ ਮੋਰਚੇ ਦੇ ਬੈਨਰ ਥੱਲੇ ਇਸਤੋਂ ਬਾਅਦ ਖਨਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ।