ਬਰਨਾਲਾ: ਜ਼ਿਲ੍ਹੇ ਦੇ ਕਸਬਾ ਪੱਖੋ ਕੈਂਚੀਆਂ ਟੋਲ ਪਲਾਜੇ ਨੂੰ ਚਕਵਾਉਣ ਲਈ ਬੀਕੇਯੂ ਡਕੌਂਦਾ ਵੱਲੋਂ ਲਗਾਤਾਰ 22ਵੇਂ ਦਿਨ ਧਰਨਾ ਜਾਰੀ ਰਿਹਾ। ਜਦਕਿ ਅੱਜ ਦੂਜੇ ਪਾਸੇ ਕਿਸਾਨਾਂ ਦੇ ਧਰਨੇ ਦੇ ਬਰਾਬਰ ਟੋਲ ਕਰਮਚਾਰੀਆਂ ਵਲੋਂ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ। ਜਿਸ ਕਰਕੇ ਮਾਹੌਲ ਪੂਰਾ ਤਣਾਅ ਵਾਲਾ ਬਣ ਗਿਆ ਅਤੇ ਮਾਹੌਲ ਨੂੰ ਕੰਟਰੋਲ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਆਉਣਾ ਪਿਆ।
ਇਸ ਮੌਕੇ ਧਰਨੇ 'ਤੇ ਬੈਠੇ ਟੋਲ ਕਰਮਚਾਰੀਆਂ ਨੇ ਕਿਹਾ ਕਿ ਕਿਸਾਨ ਜੱਥੇਬੰਦੀ ਦੇ ਧਰਨੇ ਕਾਰਨ ਟੋਲ ਬੰਦ ਚੱਲ ਰਿਹਾ ਹੈ। ਜਿਸ ਕਰਕੇ ਉਹ ਬੇਰੁਜ਼ਗਾਰ ਹੋ ਗਏ ਹਨ। ਕੰਪਨੀ ਨੇ ਉਨ੍ਹਾਂ ਦੀ ਤਨਖ਼ਾਹ ਬੰਦ ਕਰ ਦਿੱਤੀ ਹੈ। ਇਸ ਮੌਕੇ ਲਗਾਤਾਰ ਪੰਜ ਘੰਟਿਆਂ ਤੋਂ ਵੱਧ ਰੋਡ ਜਾਮ ਰਹਿਣ ਕਾਰਨ ਵਾਹਨਾਂ ਦੀ ਵੱਡੀ ਲਾਇਨ ਲੱਗ ਗਈ। ਰਾਹਗੀਰਾਂ ਦੀ ਰਸਤਾ ਖੋਲ੍ਹਣ ਲਈ ਟੋਲ ਕਰਮਚਾਰੀਆਂ ਨਾਲ ਬਹਿਸ ਵੀ ਹੋਈ।
ਉਥੇ ਇੱਕ ਵਿਅਕਤੀ ਵਲੋਂ ਰੋਡ ਜਾਮ ਕਰੀ ਬੈਠੇ ਕਰਮਚਾਰੀਆਂ ਉਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਰਕੇ ਮਾਹੌਲ ਬੇਹੱਦ ਤਲਖ਼ੀ ਵਾਲਾ ਬਣ ਗਿਆ। ਉਥੇ ਇਸ ਮੌਕੇ ਪਹੁੰਚੀ ਬਰਨਾਲਾ ਦੀ ਤਹਿਸੀਦਾਰ ਦਿਵਿਆ ਸਿੰਗਲਾ ਨੇ ਧਰਨਾਕਾਰੀ ਟੋਲ ਕਰਮਚਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਜਿਸਤੋਂ ਬਾਅਦ ਰੋਡ ਜਾਮ ਖੋਲਿਆ ਗਿਆ।
ਉਧਰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਟੋਲ ਕਰਮਚਾਰੀ ਸਾਡੇ ਹੀ ਪਿੰਡਾਂ ਦੇ ਬੱਚੇ ਹਨ। ਸਾਡਾ ਇਨ੍ਹਾਂ ਨਾਲ ਕੋਈ ਰੌਲਾ ਨਹੀਂ। ਸਾਡੀ ਲੜਾਈ ਕੰਪਨੀ ਨਾਲ ਹੈ, ਜੋ ਲੋਕਾਂ ਦੀ ਲੁੱਟ ਕਰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵਾਲੇ ਜਾਣਬੁੱਝ ਕੇ ਟੋਲ ਕਰਮਚਾਰੀਆਂ ਨੂੰ ਅੱਗੇ ਕਰਕੇ ਲੜਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸਾਡਾ ਪੱਕਾ ਮੋਰਚਾ ਉਦੋਂ ਤੱਕ ਜਾਰੀ ਰਹੇਗਾ, ਜਦ ਤੱਕ ਟੋਲ ਇੱਥੋ ਪੱਟਿਆ ਨਹੀਂ ਜਾਂਦਾ।
ਕੀ ਹੈ ਪੂਰਾ ਮਾਮਲਾ: ਬਰਨਾਲਾ ਜ਼ਿਲ੍ਹੇ ਦੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਲਗਾਤਾਰ 22 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਟੋਲ ਪਰਚੀ ਬੰਦ ਕੀਤੀ ਹੋਈ ਹੈ। ਕਿਸਾਨ ਜਥੇਬੰਦੀ ਦਾ ਤਰਕ ਹੈ ਕਿ ਉਹ ਗਲਤ ਜਗ੍ਹਾ ਉਪਰ ਲਗਾਇਆ ਗਿਆ ਹੈ। ਜਿਸ ਜਗ੍ਹਾ ਟੋਲ ਪਲਾਜ਼ਾ ਲਗਾਇਆ ਗਿਆ ਹੈ, ਉਹ ਬਰਨਾਲਾ ਤੋਂ ਫਰੀਦਕੋਟ ਅਤੇ ਮੋਗਾ ਨੂੰ ਜਾਣ ਵਾਲੀ ਸਾਂਝੀ ਸੜਕ ਹੈ। ਜਦਕਿ ਨਿਯਮ ਅਨੁਸਾਰ ਇਹ ਟੋਲ ਸਿਰਫ ਨੈਸ਼ਨਲ ਹਾਈਵੇਅ ਮੋਗਾ ਰੋਡ ਉਪਰ ਹੀ ਲਗਾਇਆ ਜਾਣਾ ਸੀ। ਜਿਸ ਕਰਕੇ ਫਰੀਦਕੋਟ ਰੋਡ ਤੋਂ ਆਉਣ ਜਾਣ ਵਾਲੇ ਲੋਕਾਂ ਦੀ ਟੋਲ ਪਰਚੀ ਕੱਟ ਕੇ ਲੁੱਟ ਕੀਤੀ ਜਾ ਰਹੀ ਹੈ। ਇਸ ਕਰਕੇ ਇਸ ਟੋਲ ਦੀ ਜਗ੍ਹਾ ਤਬਦੀਲੀ ਨੂੰ ਲੈ ਕੇ ਕਿਸਾਨ ਜੱਥੇਬੰਦੀ ਨੇ ਮੋਰਚਾ ਲਗਾ ਲੱਗਿਆ ਹੈ।
ਇਹ ਵੀ ਪੜ੍ਹੋ:ਮੌੜ ਮੰਡੀ ਦੇ DSP ਨੇ ਕਿਸਾਨਾਂ 'ਤੇ ਕੀਤਾ ਤਸ਼ੱਦਦ, DSP ਦੀ ਹੋ ਰਹੀ ਜਮ ਕੇ ਅਲੋਚਨਾ