ਕਿਸਾਨਾਂ ਵੱਲੋਂ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਬਰਨਾਲਾ:ਸੂਬਾ ਸਰਕਾਰ ਦੇ ਆਦੇਸ਼ਾਂ ਤਹਿਤ ਬਰਨਾਲਾ ਜਿਲ੍ਹੇ ਵਿੱਚ ਝੋਨੇ ਦੀ ਬਿਜਾਈ ਅੱਜ ਸ਼ੁਰੂ ਹੋਣੀ ਹੈ। ਸਰਕਾਰ ਝੋਨੇ ਲਈ ਨਹਿਰੀ ਪਾਣੀ ਦੀ ਵਰਤੋਂ ਉਪਰ ਜ਼ੋਰ ਦੇ ਰਹੀ ਹੈ, ਪਰ ਅਜੇ ਤੱਕ ਰਜਵਾਹਿਆਂ ਦੀ ਸਫ਼ਾਈ ਤੱਕ ਨਹੀਂ ਹੋਈ। ਪਿੰਡ ਚੀਮਾ ਵਿਖੇ ਸੂਏ ਦੀ ਸਫ਼ਾਈ ਨਾ ਹੋਣ ਅਤੇ ਨਹਿਰੀ ਪਾਣੀ ਨਾ ਛੱਡੇ ਜਾਣ ਤੋਂ ਦੁਖ਼ੀ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਚੀਮਾ ਤੇ ਬੀਕੇਯੂ ਡਕੌਂਦਾ ਦੇ ਆਗੂ ਗੋਗੀ ਸਿੰਘ ਨੇ ਦੱਸਿਆ ਕਿ ਸਰਕਾਰ ਇੱਕ ਪਾਸੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਗੱਲ ਕਹਿ ਰਹੀ ਹੈ। ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਣ ਲਈ ਕਿਹਾ ਜਾ ਰਿਹਾ ਹੈ। ਪਰ ਦੂਜੇ ਪਾਸੇ ਅਜੇ ਤੱਕ ਰਜਵਾਹਿਆਂ ਦੀ ਸਫ਼ਾਈ ਤੱਕ ਨਹੀਂ ਹੋਈ।
ਕਿਸਾਨਾਂ ਆਗੂਆਂ ਨੇ ਕਿਹਾ ਕਿ ਭਲਕੇ ਤੋਂ ਝੋਨਾ ਲੱਗਣਾ ਸ਼ੁਰੂ ਹੋਣਾ ਹੈ। ਪਰ ਅਜੇ ਤੱਕ ਸੂਏ ਦੀ ਸਫ਼ਾਈ ਨਹੀਂ ਹੋਈ। ਰਜਵਾਹੇ ਵਿੱਚ ਵੱਡਾ ਵੱਡਾ ਘਾਹ ਖੜਾ ਹੈ। ਜੇਕਰ ਬਿਨ੍ਹਾਂ ਸਫ਼ਾਈ ਕੀਤੇ ਪਾਣੀ ਛੱਡਿਆ ਤਾਂ ਸੂਆ ਟੁੱਟਣ ਦਾ ਵੀ ਡਰ ਹੈ। ਉਹਨਾਂ ਦੱਸਿਆ ਕਿ ਇਹ ਸੂਆ ਪਿੰਡ ਚੀਮਾ ਅਤੇ ਜੋਧਪੁਰ ਦੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦਿੰਦਾ ਹੈ। ਪਰ ਨਹਿਰੀ ਵਿਭਾਗ ਅਜੇ ਤੱਕ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਉਹਨਾਂ ਦੀ ਕੋਈ ਗੱਲ ਸੁਨਣ ਨੂੰ ਤਿਆਰ ਨਹੀਂ ਹੈ।
ਕਿਸਾਨਾਂ ਆਗੂਆਂ ਨੇ ਕਿਹਾ ਕਿ ਨਹਿਰੀ ਮੰਤਰੀ ਮੀਤ ਹੇਅਰ ਵੀ ਜਿਲ੍ਹਾ ਬਰਨਾਲਾ ਨਾਲ ਸਬੰਧਤ ਹਨ, ਉਹਨਾਂ ਵਲੋਂ ਆਪਣੇ ਹੀ ਜਿਲ੍ਹੇ ਵਿੱਚ ਕੋਈ ਨਹਿਰੀ ਪਾਣੀ ਦੀ ਕੋਈ ਗੌਰ ਨਹੀਂ ਕੀਤੀ ਜਾ ਰਹੀ। ਸਰਕਾਰ ਦੇ ਕਹਿਣ ਅਨੁਸਾਰ ਉਹ 21 ਜੂਨ ਨੂੰ ਝੋਨਾ ਲਗਾ ਰਹੇ ਹਨ, ਪਰ ਸਰਕਾਰ ਆਪਣੀ ਕਹਿਣੀ ਤੇ ਕਰਨੀ ਤੋਂ ਪਿੱਛੇ ਹਟ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕੱਲ ਤੱਕ ਰਜਵਾਹੇ ਦੀ ਸਫ਼ਾਈ ਕਰਕੇ ਨਹਿਰੀ ਪਾਣੀ ਨਾ ਛੱਡਿਆ ਤਾਂ ਉਹ ਕਿਸਾਨ ਜੱਥੇਬੰਦੀਆਂ ਵਲੋਂ ਇਸਦੇ ਵਿਰੁੱਧ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।