ਬਰਨਾਲਾ :ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਹੰਗਾਮੀ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ ਭਾਅ ਵਿੱਚ ਕੀਤੇ ਵਾਧੇ ਨੂੰ ਨਿਗੂਣਾ ਦੱਸਦਿਆਂ ਰੱਦ ਕਰ ਦਿੱਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਖੇਤੀ ਜ਼ਮੀਨ ਦਾ ਠੇਕਾ ਮਾਲਵੇ ਵਿੱਚ ਪਿਛਲੇ ਸਾਲ 74,000 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 80,000 ਰੁਪਏ ਪ੍ਰਤੀ ਏਕੜ, ਬਰਾਂਡਿਡ ਕੀੜੇਮਾਰ ਦਵਾਈ 6,600 ਰੁਪਏ ਤੋਂ ਵਧ ਕੇ 7,300 ਰੁਪਏ, 826 ਕਣਕ ਦੇ ਬੀਜ ਦਾ 20 ਕਿਲੋ ਦਾ ਥੈਲਾ ਥੋਕ ਵਿੱਚ 2000 ਰੁਪਏ ਅਤੇ ਕਿਸਾਨਾਂ ਨੂੰ 2200-2300 ਰੁਪਏ ਵਿੱਚ ਮਿਲੇਗਾ।
ਇਹ ਹੋਇਆ ਵਾਧਾ :ਕਿਸਾਨ ਆਗੂ ਨੇ ਕਿਹਾ ਕਿ ਡੀਜ਼ਲ ਦੇ ਰੇਟ ਵਿੱਚ ਕੌਮਾਂਤਰੀ ਕੀਮਤਾਂ ਘਟਣ ਦੇ ਬਾਵਜੂਦ ਲੱਗਭੱਗ ਵੀਹ ਰੁਪਏ ਪ੍ਰਤੀ ਲੀਟਰ ਵਾਧਾ ਹੋ ਚੁੱਕਾ ਹੈ। ਇਸ ਤਰ੍ਹਾਂ ਠੇਕੇ ਦਾ ਰੇਟ 8 ਫੀਸਦ ਅਤੇ ਦਵਾਈਆਂ ਦਾ ਲੱਗਭੱਗ 11 ਫੀਸਦ ਵਧਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਜਨਵਰੀ 2023 ਤੋਂ ਮਹਿੰਗਾਈ ਭੱਤਾ 4 ਫੀਸਦ ਅਤੇ ਜੁਲਾਈ 2023 ਤੋਂ ਫਿਰ 4 ਫੀਸਦ ਮਹਿੰਗਾਈ ਭੱਤਾ ਜਾਰੀ ਕੀਤਾ ਹੈ। ਭਾਵੇਂ ਕਿ ਮੁਲਾਜ਼ਮਾਂ ਨੂੰ ਦਿੱਤਾ ਇਹ ਮਹਿੰਗਾਈ ਭੱਤਾ ਦੇਣ ਸਮੇਂ ਵੀ ਸਰਕਾਰ ਵੱਲੋਂ ਅੰਕੜਿਆਂ ਦੀ ਹੇਰਾਫੇਰੀ ਕਰ ਕੇ ਅਸਲ ਵਿੱਚ ਵਧੀ ਮਹਿੰਗਾਈ ਨਾਲੋਂ ਘੱਟ ਦਿੱਤਾ ਜਾਂਦਾ ਹੈ ਪਰ ਫਿਰ ਵੀ ਸਾਲ ਦੌਰਾਨ ਕੁੱਲ 8 ਫੀਸਦ ਮਹਿੰਗਾਈ ਭੱਤਾ ਜਾਰੀ ਕੀਤਾ ਗਿਆ ਹੈ। ਕਿਸਾਨਾਂ ਨੂੰ ਕਣਕ ਦੇ ਭਾਅ ਵਿੱਚ ਵਾਧਾ 2125 ਤੋਂ ਵਧਾ ਕੇ 2275 ਰੁਪਏ ਕੀਤਾ ਗਿਆ ਹੈ ਜੋ ਕਿ ਸਿਰਫ 7.06 ਫੀਸਦ ਬਣਦਾ ਹੈ। ਇਸ ਤਰਾਂ ਕਿਸਾਨ ਦੀ ਅਸਲ ਆਮਦਨ ਮਹਿੰਗਾਈ ਦੇ ਮੁਕਾਬਲੇ ਘਟ ਗਈ ਹੈ। ਇਸੇ ਤਰਾਂ ਜੌਂ ਦੇ ਭਾਅ ਵਿੱਚ ਵਾਧਾ 6.6 ਫੀਸਦ, ਸਰੋਂ ਦਾ ਵਾਧਾ 3.7 ਫੀਸਦ, ਛੋਲਿਆਂ ਦਾ 1.9 ਫੀਸਦ, ਮਸਰ ਦਾ 7.08 ਫੀਸਦ ਅਤੇ ਸੂਰਜਮੁਖੀ ਦਾ ਸਿਰਫ 2.65 ਫੀਸਦ ਬਣਦਾ ਹੈ।