ਬਰਨਾਲਾ: ਦੇਸ਼ ਭਰ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੀ ਮਾਰ ਚੱਲ ਰਹੀ ਹੈ। ਉੱਥੇ ਕੇਂਦਰ ਸਰਕਾਰ ਵਲੋਂ ਕਿਸਾਨੀ ਲਈ ਨਵਾਂ ਫ਼ੈਸਲਾ ਲਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ 'ਇੱਕ ਦੇਸ਼ ਇੱਕ ਮੰਡੀ' ਤਹਿਤ ਮੰਡੀ ਬੋਰਡ ਭੰਗ ਕੀਤਾ ਜਾ ਰਿਹਾ ਹੈ। ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ 'ਈਟੀਵੀ ਭਾਰਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਵਾਂ ਕਾਨੂੰਨ ਕਿਸਾਨਾਂ ਲਈ ਬੇਹੱਦ ਨੁਕਸਾਨਦਾਇਕ ਰਹੇਗਾ।
ਕਿਸਾਨ ਲੰਬੇ ਸਮੇਂ ਤੋਂ ਲੈ ਕੇ ਇਸ ਦੇ ਵਿਰੁੱਧ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਦੱਸਿਆਂ ਕਿ ਚਾਹੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਤਾਂ ਅਕਾਲੀਆਂ ਨੇ ਵਿਰੋਧ ਕੀਤਾ ਹੈ ਅਤੇ ਜਦੋਂ ਬੀਜੇਪੀ ਦੀ ਸਰਕਾਰ ਰਹੀ ਹੈ ਤਾਂ ਕਾਂਗਰਸੀਆਂ ਨੇ ਵਿਰੋਧ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਕਿਸਾਨੀ ਹਿੱਤਾਂ ਨੂੰ ਲੈ ਕੇ ਸਿਰਫ਼ ਤੇ ਸਿਰਫ਼ ਰਾਜਨੀਤੀ ਹੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਦੀ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਹੈ, ਫ਼ਿਰ ਕਿਹੜਾ ਕਿਸਾਨਾਂ ਨੂੰ ਕੁੱਝ ਖ਼ਾਸ ਮਿਲ ਗਿਆ।
ਨੌਜਵਾਨ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਨਰਮਾ, ਕਪਾਹ ਅਤੇ ਹੋਰ ਬਦਲਵੀਆਂ ਫ਼ਸਲਾਂ ਦਾ ਮੰਡੀਕਰਨ ਨਹੀਂ ਕੀਤਾ ਗਿਆ ਅਤੇ ਨਾ ਹੀ ਪੱਕੇ ਭਾਅ ਦਿੱਤੇ ਜਾ ਰਹੇ ਹਨ। ਪਰ ਹੁਣ ਮੰਡੀ ਬੋਰਡ ਭੰਗ ਕਰਕੇ ਕਣਕ ਅਤੇ ਝੋਨੇ ਦੀ ਫਸਲ ਦੇ ਵੀ ਪੱਕੇ ਭਾਅ ਖ਼ਤਮ ਕੀਤੇ ਜਾ ਰਹੇ ਹਨ। ਜਿਸ ਦਾ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਵੇਗਾ। ਜਿਸ ਕਰ ਕੇ ਇਸ ਕਿਸਾਨ ਵਿਰੋਧੀ ਬਿੱਲ ਦਾ ਉਹਨਾਂ ਦੀ ਜੱਥੇਬੰਦੀ ਵਲੋਂ ਵਿਰੋਧ ਕੀਤਾ ਜਾਵੇਗਾ।