ਬਰਨਾਲਾ: ਸਾਂਝਾ ਕਿਸਾਨ ਮੋਰਚਾ ਦੇ ਸੱਦੇ ਪੁਲਵਾਮਾ ਕਾਂਡ ਅਤੇ ਕਿਸਾਨੀ ਘੋਲ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੋਮਬੱਤੀ ਮਾਰਚ ਸਮੇਂ ਹਰ ਵਰਗ ਦੇ ਲੋਕਾਂ, ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਜਮਹੂਰੀ ਕਾਰਕੁਨਾਂ, ਔਰਤਾਂ, ਨੌਜਵਾਨਾਂ,ਸਾਬਕਾ ਫੌਜੀਆਂ ਸਮੇਤ ਹੋਰਨਾਂ ਵਰਗਾਂ ਨੇ ਪੂਰੀ ਸਰਗਰਮੀ ਨਾਲ ਭਾਗ ਲਿਆ। ਦੱਸ ਦਈਏ ਕਿ ਇਸ ਮਾਰਚ ਦੌਰਾਨ ਲੋਕਾਂ ਨੇ ਪੁਲਵਾਮਾ ਕਾਂਡ ਦੇ ਸ਼ਹੀਦ ਨੌਜਵਾਨ ਅਮਰ ਰਹਿਣ, ਪੁਲਵਾਮਾ ਕਾਂਡ ਦੀ ਜਾਂਚ ਕਰਵਾਓ, ਪੁਲਵਾਮਾ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਓ, ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸਲਾਮ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ, ਸਰਹੱਦਾਂ ਤੇ ਜਵਾਨ-ਖੇਤਾਂ ਵਿੱਚ ਕਿਸਾਨ, ਜਵਾਨਾਂ ਅਤੇ ਕਿਸਾਨਾਂ ਦੀ ਕਾਤਲ ਮੋਦੀ ਸਰਕਾਰ- ਮੁਰਦਾਬਾਦ, ਲੋਕ ਏਕਤਾ-ਜਿੰਦਾਬਾਦ, ਸਾਂਝਾ ਕਿਸਾਨ ਮੋਰਚਾ-ਜਿੰਦਾਬਾਦ, ਕਿਰਤੀ ਕਿਸਾਨਾਂ ਦਾ ਏਕਾ-ਜਿੰਦਾਬਾਦ ਆਦਿ ਨਾਅਰੇ ਲਗਾਏ ਗਏ।
ਕਿਸਾਨ ਆਗੂਆਂ ਨੇ ਲੋਕਾਂ ਨੂੰ ਸੰਘਰਸ਼ ’ਚ ਸ਼ਾਮਿਲ ਹੋਣ ਦੀ ਕੀਤੀ ਅਪੀਲ
ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ ਸਾਜਿਸ਼ਾ ਰਚੀਆਂ ਜਾ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਇਸ ਕਿਸਾਨੀ ਸੰਘਰਸ਼ ਚ ਉਨ੍ਹਾਂ ਦਾ ਸਾਥ ਦੇਣ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਆਪਣੀ ਜਿੱਦ ’ਤੇ ਅੜੀ ਹੋਈ ਹੈ। ਇਨ੍ਹੀਆਂ ਮੀਟਿੰਗਾਂ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹਨ।
ਅਮੀਰ ਘਰਾਣਿਆਂ ਨੂੰ ਦੇਣਾ ਹੈ ਮੁਨਾਫਾ- ਕਿਸਾਨ ਆਗੂ
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਅਸਲ ਗੱਲ ਇਹ ਹੈ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਬਾਅ ਤਹਿਤ ਚੰਦ ਉੱਚ ਅਮੀਰ ਘਰਾਣਿਆਂ ਨੂੰ ਮੁਨਾਫਾ ਦੇਣ ਲਈ ਲਿਆਂਦੇ ਗਏ ਹਨ। ਪਰ ਖੇਤੀ ਵਪਾਰ ਨਹੀਂ, 138 ਕਰੋੜ ਭਾਰਤੀ ਲੋਕਾਂ ਦਾ ਜੀਵਨ ਆਧਾਰ ਹੈ। ਇਸੇ ਕਰਕੇ ਕਿਸਾਨੀ ਤੋਂ ਅੱਗੇ ਹਰ ਤਬਕਾ ਇਸ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਆਇਆ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ ਉਨ੍ਹਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਕਿਸਾਨਾਂ ਦਾ ਇਹ ਸੰਘਰਸ਼ ਲਗਾਤਾਰ ਵੱਡਾ ਹੁੰਦਾ ਜਾਵੇਗਾ ਜਦੋ ਤੱਕ ਮੋਦੀ ਸਰਕਾਰ ਆਪਣੀ ਜਿੱਦ ਨੂੰ ਛੱਡ ਕੇ ਇਨ੍ਹਾਂ ਤਿੰਨਾ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ।