ਬਰਨਾਲਾ : ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਜਿਸ ਕਰਕੇ ਦੁਖੀ ਕਿਸਾਨ ਬਿਜਲੀ ਗਰਿੱਡਾਂ ਦਾ ਘਿਰਾਉ ਕਰਨ ਲਈ ਮਜਬੂਰ ਹੋ ਚੁੱਕੇ ਹਨ। ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪੱਖੋਕੇ ਗਰਿੱਡ ਦਾ ਹੈ। ਜਿਸ ਨਾਲ ਸਬੰਧਤ ਪਿੰਡਾਂ ਦੇ ਕਿਸਾਨਾਂ ਨੇ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਗਰਿੱਡ ਦਾ ਘਿਰਾਉ ਕਰਕੇ ਬਿਜਲੀ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਗਿਆ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਨੇ ਬਿਜਲੀ ਗਰਿੱਡ ਦੇ ਮੁਲਾਜ਼ਮ ਬਣਾਏ ਬੰਧਕ - ਪੱਖੋਕੇ ਗਰਿੱਡ
ਬਰਨਾਲਾ ਜ਼ਿਲ੍ਹੇ ਦੇ ਪੱਖੋਕੇ ਗਰਿੱਡ ਸਬੰਧਤ ਪਿੰਡਾਂ ਦੇ ਕਿਸਾਨਾਂ ਨੇ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਗਰਿੱਡ ਦਾ ਘਿਰਾਉ ਕਰਕੇ ਬਿਜਲੀ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਗਿਆ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਪੱਖੋਕੇ ਗਰਿੱਡ ਤੋਂ ਪਿੰਡ ਚੀਮਾ, ਪੱਖੋਕੇ, ਕੈਰੇ, ਬਖ਼ਤਗੜ੍ਹ, ਮੱਲੀਆਂ, ਜੋਧਪੁਰ ਅਤੇ ਜਗਜੀਤਪੁਰਾ ਦੇ ਖੇਤਾਂ ਨੂੰ ਬਿਜਲੀ ਇੱਕ ਦਿਨ ਛੱਡ ਕੇ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਪਰ ਪਿਛਲੇ ਦਸ ਦਿਨਾਂ ਤੋਂ ਕੱਟ ਲਗਾ ਕੇ ਘੰਟਾ ਦੋ ਘੰਟੇ ਹੀ ਬਿਜਲੀ ਮਿਲ ਰਹੀ ਹੈ। ਜੇਕਰ ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਨਾ ਮਿਲੇ ਤਾਂ ਝਾੜ ’ਤੇ ਵੱਡਾ ਅਸਰ ਪੈਂਦਾ ਹੈ। ਇਸੇ ਮਾੜੀ ਸਪਲਾਈ ਤੋਂ ਤੰਗ ਆ ਕੇ ਉਨ੍ਹਾਂ ਵਲੋਂ ਗਰਿੱਡ ਦਾ ਘਿਰਾਉ ਕੀਤਾ ਗਿਆ ਹੈ। ਜਿੰਨਾਂ ਸਮਾਂ ਕਿਸਾਨਾਂ ਦੀ ਖੇਤਾਂ ਲਈ ਬਿਜਲੀ ਸਪਲਾਈ ਪੂਰੀ ਨਹੀਂ ਕੀਤੀ ਜਾਂਦੀ, ਉਹ ਧਰਨਾ ਨਹੀਂ ਚੁੱਕਣਗੇ।
ਇਸ ਸਬੰਧੀ ਗਰਿੱਡ ’ਚ ਹਾਜ਼ਰ ਬਿਜਲੀ ਅਧਿਕਾਰੀ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਪਿਛੇ ਤੋਂ ਪਾਵਰਕੱਟ ਲੱਗਣ ਕਾਰਨ ਬਿਜਲੀ ਸਪਲਾਈ ਵਿੱਚ ਸਮੱਸਿਆ ਆਈ ਹੈ, ਜਦੋਂ ਕਿ ਗਰਿੱਡ ਵਲੋਂ ਆਪਣੇ ਪੱਧਰ ’ਤੇ ਕੋਈ ਬਿਜਲੀ ਨਹੀਂ ਕੱਟੀ ਗਈ। ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਅਤੇ ਜਲਦ ਮਾਮਲੇ ਦਾ ਹੱਲ ਕਰ ਦਿੱਤਾ ਜਾਵੇਗਾ।