ਬਰਨਾਲਾ:32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ (Three agricultural laws) ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 410 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਕਿਸਾਨ ਆਗੂਆਂ ਨੇ ਬੀਜੇਪੀ ਸਮਰਥਕ ਫਿਲਮ ਅਦਾਕਾਰਾ ਕੰਗਨਾ ਰਣੌਤ (Kangana Ranaut) ਵੱਲੋਂ ਦੇਸ਼ ਨੂੰ 1947 'ਚ ਮਿਲੀ ਆਜ਼ਾਦੀ ਨੂੰ ਭੀਖ ਕਹਿਣ ਦੀ ਸਖ਼ਤ ਨਿਖੇਧੀ ਕੀਤੀ।
ਕੰਗਨਾ ਰਣੌਤ ਖਿਲਾਫ਼ ਗਰਜੇ ਕਿਸਾਨ
ਅਦਾਕਾਰਾ ਕੰਗਨਾ ਰਣੌਤ (Kangana Ranaut) ਵੱਲੋਂ 1947 ਚ ਮਿਲੀ ਆਜ਼ਾਦੀ (Freedom) ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਉਨ੍ਹਾਂ ਖਿਲਾਫ਼ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ। ਬਰਨਾਲਾ ਦੇ ਵਿੱਚ ਕਿਸਾਨਾਂ ਨੇ ਕੰਗਨਾ ਖਿਲਾਫ਼ ਰੋਸ ਜਤਾਉਂਦੇ ਹੋਏ ਉਸ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੁਲਕ ਨੂੰ ਅੰਗਰੇਜ਼ਾਂ ਤੋਂ ਨਿਜਾਤ ਦਿਵਾਉਣ ਸਾਡੇ ਲੱਖਾਂ ਆਜ਼ਾਦੀ ਘੁਲਾਟੀਆਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ। ਕੰਗਨਾ ਨੇ ਆਪਣੇ ਕਥਨ ਰਾਹੀਂ ਉਨ੍ਹਾਂ ਲੱਖਾਂ ਦੇਸ ਭਗਤਾਂ ਦਾ ਅਪਮਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਉਸ ਵਿਰੁੱਧ ਢੁਕਵੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰੇ।
ਕਿਸਾਨਾਂ ਨੇ ਕਿਹਾ ਕਿ ਸੁਪਰੀਮ ਕੋਰਟ (Supreme Court) ਵੱਲੋਂ ਬੀਤੇ ਕੱਲ੍ਹ ਪ੍ਰਦੂਸ਼ਣ ਨਾਲ ਸਬੰਧਿਤ ਕੇਸ ਦੀ ਸੁਣਵਾਈ ਦੌਰਾਨ ਪਰਾਲੀ ਸਾੜਨ ਬਾਰੇ ਕੀਤੀਆਂ ਟਿੱਪਣੀਆਂ ਦਾ ਸਵਾਗਤ ਕੀਤਾ। ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਟਿੱਪਣੀ ਕੀਤੀ ਕਿ ਪ੍ਰਦੂਸ਼ਣ ਦਾ ਸਾਰਾ ਠੀਕਰਾ ਕਿਸਾਨਾਂ ਸਿਰ ਭੰਨਣ ਦਾ ਫੈਸ਼ਨ ਹੀ ਬਣ ਗਿਆ ਹੈ। ਪ੍ਰਦੂਸ਼ਣ ਦਾ ਕਾਰਨ ਸਿਰਫ ਪਰਾਲੀ ਦਾ ਸਾੜਨਾ ਹੀ ਨਹੀਂ ਸਗੋਂ ਜ਼ਿਆਦਾਤਰ ਪ੍ਰਦੂਸ਼ਣ ਵਾਹਨਾਂ ਦੇ ਧੂੰਆਂ, ਸ਼ਹਿਰੀ ਕੰਸ਼ਟਰੱਕਸ਼ਨ, ਸ਼ਹਿਰੀ ਕੂੜੇ ਦੀ ਸਾੜਫੂਕ ਅਤੇ ਫੈਕਟਰੀਆਂ ਆਦਿ ਕਾਰਨ ਹੋ ਰਿਹਾ ਹੈ। ਛੋਟੇ ਕਿਸਾਨ ਪਰਾਲੀ ਦੇ ਇੰਤਜ਼ਾਮ ਲਈ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦੇ। ਆਗੂਆਂ ਨੇ ਸੁਪਰੀਮ ਕੋਰਟ ਦੀ ਸਾਰਥਿਕ ਪਹੁੰਚ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਵੀ ਪਰਾਲੀ ਦੇ ਇੰਤਜਾਮ ਲਈ ਵਿਵਹਾਰਕ ਪਹੁੰਚ ਅਪਣਾਉਣ ਲਈ ਕਿਹਾ।