ਪੰਜਾਬ

punjab

ਬੋਝ ਨਹੀਂ ਸਿਰ ਦਾ ਤਾਜ ਨੇ ਇਹ ਧੀਆਂ

By

Published : Mar 5, 2020, 11:38 AM IST

Updated : Mar 5, 2020, 1:33 PM IST

ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਹੁਣ ਕਿਸਾਨਾਂ ਦੀਆਂ ਧੀਆਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। “ਫਾਰਮਰ ਲੀਗਲ ਏਡ ਸੁਸਾਇਟੀ” ਤਹਿਤ ਕਿਸਾਨਾਂ ਪਰਿਵਾਰਾਂ ਦੀਆਂ ਧੀਆਂ ਪਿੰਡ ਪਿੰਡ, ਘਰ-ਘਰ ਜਾ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੁਕ ਕਰ ਰਹੀਆਂ ਹਨ। ਕਿਸਾਨਾਂ ਨਾਲ ਹੋ ਰਹੀ ਸਰਕਾਰੀ ਜਾਂ ਗ਼ੈਰ-ਸਰਕਾਰੀ ਲੁੱਟ ਵਿਰੁੱਧ ਲੜਾਈ ਲੜਨ ਲਈ ਇਨ੍ਹਾਂ ਧੀਆਂ ਨੇ ਝੰਡਾ ਚੁੱਕਿਆ ਹੈ।

Womens Day 2020
ਫ਼ੋਟੋ

ਬਰਨਾਲਾ: ਪੰਜਾਬ ਵਿਚ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਜਾਂ ਤਾਂ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਜਾਂ ਬੈਂਕਾਂ ਦੇ ਡਿਫਾਲਟਰਾਂ ਦੀ ਸੂਚੀ ਵਿਚ ਆਉਣ ਕਰਕੇ ਧੱਕੇ ਖਾ ਰਹੇ ਹਨ। ਕਿਸਾਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਸਹੂਲਤਾਂ ਦੀ ਵੀ ਸਹੀ ਜਾਣਕਾਰੀ ਨਹੀਂ ਮਿਲਦੀ, ਜਿਸ ਕਰਕੇ ਕਿਸਾਨ ਪ੍ਰੇਸ਼ਾਨ ਹਨ ਤੇ ਖੁਦਕੁਸ਼ੀਆਂ ਦਾ ਰਾਹ ਅਪਣਾ ਰਹੇ ਹਨ ਪਰ ਹੁਣ ਇਨ੍ਹਾਂ ਕਿਸਾਨਾਂ ਦੀਆਂ ਪੜ੍ਹੀਆਂ-ਲਿਖੀਆਂ ਧੀਆਂ ਨੇ ਉਨ੍ਹਾਂ ਬਾਂਹ ਫੜਨ ਦਾ ਫ਼ੈਸਲਾ ਕੀਤਾ ਹੈ।

ਪੜ੍ਹੀਆਂ-ਲਿਖੀਆਂ ਧੀਆਂ ਨੇ ਲਈ ਕਿਸਾਨਾਂ ਦੀ ਸਾਰ
16 ਲੜਕੀਆਂ ਵਲੋਂ ਫਾਰਮਰ ਲੀਗਲ ਏਡ ਸੁਸਾਇਟੀ ਬਣਾ ਕੇ ਕਿਸਾਨਾਂ ਦੀਆਂ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਸਮੱਸਿਆਵਾਂ ਸੁਣਨੀਆਂ ਸ਼ੁਰੂ ਕੀਤੀਆਂ ਹਨ। ਇਹ ਧੀਆਂ ਖ਼ੁਦ ਕਿਸਾਨਾਂ ਦੇ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਧੀਆਂ ਦਾ ਕਹਿਣਾ ਹੈ ਕਿ ਹੁਣ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। ਉਹ ਕਿਸਾਨਾਂ ਲਈ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਲੜਨਗੀਆਂ। ਜ਼ਿਲ੍ਹੇ ਦੇ ਕਿਸਾਨਾਂ ਨਾਲ ਲਿਮਟਾਂ ਰਾਹੀਂ ਬੈਂਕਾਂ ਵਲੋਂ ਕੀਤੀ ਜਾ ਰਹੀ ਲੁੱਟ ਵਿਰੁੱਧ ਇਨ੍ਹਾਂ ਧੀਆਂ ਵਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਨੇ ਕਾਂਗਰਸੀ ਲੀਡਰਾਂ ਨੂੰ ਦੱਸਿਆ "ਸੜਕਛਾਪ"

ਧੀਆਂ ਦੀ ਸੋਚ
ਧੀਆਂ ਨੇ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਨਾਲ ਧੋਖਾ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਕਿਸਾਨ ਬੈਂਕ ਵਾਲਿਆਂ ਨਾਲ ਗੱਲ ਕਰਨ ਤੋਂ ਅਣਜਾਣ ਹਨ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਨਾ ਤਾਂ ਕਿਸਾਨ ਖੁਦਕੁਸ਼ੀ ਕਰੇਗਾ ਤੇ ਨਾ ਹੀ ਕਿਸੇ ਕਿਸਾਨ ਨੂੰ ਧੋਖਾ ਦਿੱਤਾ ਜਾਵੇਗਾ। ਕਿਸਾਨੀ ਦੇ ਹੱਕਾਂ ਬਾਰੇ ਉਨਾਂ ਨੂੰ ਵੀ ਦੱਸਿਆ ਜਾ ਰਿਹਾ ਹੈ ਤੇ ਕਿਸਾਨੀ ਨੂੰ ਨਾਲ ਲੈ ਕੇ ਉਨਾਂ ਦੀਆਂ ਮੁਸ਼ਕਲਾਂ ਵੀ ਹੱਲ ਹੋ ਜਾਣਗੀਆਂ। ਕਿਸਾਨ ਧੀਆਂ ਨੇ ਦੱਸਿਆ ਕਿ ਅਸੀਂ ਵੀ ਕਿਸਾਨ ਪਰਿਵਾਰਾਂ ਵਿਚੋਂ ਹਾਂ ਤੇ ਕਿਸਾਨਾਂ ਦੇ ਦਰਦ ਤੋਂ ਚੰਗੀ ਤਰਾਂ ਵਾਕਿਫ਼ ਹਨ। ਕਿਸਾਨਾਂ ਦੇ ਹੱਕਾਂ ਲਈ ਸਾਡੀ ਗਿਣਤੀ 16 ਹੈ ਪਰ ਮਜ਼ਬੂਤ ਇਰਾਦੇ ਨਾਲ ਇਸ ਨੂੰ ਉਹ ਪੂਰੇ ਪੰਜਾਬ ਵਿੱਚ ਲੈ ਕੇ ਜਾਣਗੀਆਂ ਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੀਆਂ।

ਕਿਸਾਨਾਂ ਦਾ ਦਰਦ
ਬੈਂਕਾਂ ਦੀ ਧੋਖਾਧੜੀ ਤੋਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ, ਜੋ ਉਨਾਂ ਨੇ ਵਾਪਸ ਕਰ ਦਿੱਤਾ ਸੀ ਅਤੇ ਅੱਗੇ ਕਿਸੇ ਹੋਰ ਬੈਂਕ ਤੋਂ ਕਰਜਾ ਲਿਆ ਸੀ, ਪਰ ਪਿਛਲੇ ਬੈਂਕ ਤੋਂ ਸਾਡਾ ਕਰਜਾ ਵਾਪਸ ਦਿਖਾ ਕੇ, ਉਨਾਂ ਵਲੋਂ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਆਪਣਾ ਕਰਜਾ ਮੋੜ ਦਿੱਤਾ ਹੈ, ਪਰ ਫਿਰ ਵੀ ਸਾਨੂੰ ਬੈਂਕ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਅੱਜ ਸਾਡੀਆਂ ਧੀਆਂ ਪਿੰਡ ਵਿਚ ਸਾਡੀ ਸਹਾਇਤਾ ਲਈ ਅੱਗੇ ਆਈਆਂ ਹਨ। ਪੰਚਾਇਤ ਨੇ ਵੀ ਇਨਾਂ ਧੀਆਂ ਦੇ ਇਸ ਕਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਪਿੰਡ ਦੀਆਂ ਸਮੂਹ ਪੰਚਾਇਤਾਂ ਅਤੇ ਪਿੰਡ ਵਾਸੀਆਂ ਉਨ੍ਹਾਂ ਦਾ ਸਮਰਥਨ ਕਰਨਗੇ ਅਤੇ ਜੇਕਰ ਕੋਈ ਸੰਘਰਸ਼ ਹੋਇਆ ਤਾਂ ਉਹ ਅੱਗੇ ਹੋ ਕੇ ਉਨਾਂ ਦਾ ਸਾਥ ਦੇਣਗੇ।

ਜ਼ਿਕਰਯੋਗ ਹੈ ਕਿ ਜਿੱਥੇ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੀਆਂ ਹਨ, ਉੱਥੇ ਉਚੇਰੀ ਪੜ੍ਹਾਈ ਕਰਨ ਵਾਲੀਆਂ ਕਿਸਾਨਾਂ ਦੀਆਂ ਧੀਆਂ ਵਲੋਂ ਕਿਸਾਨਾਂ ਲਈ ਸੰਘਰਸ਼ ਕਰਨਾ ਇੱਕ ਚੰਗਾ ਉਪਰਾਲਾ ਹੈ।

Last Updated : Mar 5, 2020, 1:33 PM IST

ABOUT THE AUTHOR

...view details